ਰਾਘਵ ਚੱਢਾ ਖਿਲਾਫ਼ ਆਮ ਆਦਮੀ ਪਾਰਟੀ ਦਾ ਵੱਡਾ ਐਕਸ਼ਨ

ਨਵੀਂ ਦਿੱਲੀ: ਆਮ ਆਦਮੀ ਪਾਰਟੀ (AAP) ਨੇ ਰਾਜ ਸਭਾ ਵਿੱਚ ਆਪਣੀ ਲੀਡਰਸ਼ਿਪ ਵਿੱਚ ਇੱਕ ਵੱਡਾ ਫੇਰਬਦਲ ਕੀਤਾ ਹੈ। ਪਾਰਟੀ ਨੇ ਸੰਸਦ ਮੈਂਬਰ ਰਾਘਵ ਚੱਢਾ ਨੂੰ ਰਾਜ ਸਭਾ ਵਿੱਚ ਪਾਰਟੀ ਦੇ ਡਿਪਟੀ ਲੀਡਰ (ਉਪ-ਨੇਤਾ) ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਪਾਰਟੀ ਨੇ ਰਾਜ ਸਭਾ ਸਕੱਤਰੇਤ ਨੂੰ ਰਸਮੀ ਤੌਰ ‘ਤੇ ਸੂਚਿਤ ਕੀਤਾ ਹੈ ਕਿ ਹੁਣ ਰਾਘਵ ਚੱਢਾ ਦੀ ਥਾਂ ਸੰਸਦ ਮੈਂਬਰ ਅਸ਼ੋਕ ਮਿੱਤਲ ਨੂੰ ਇਹ ਜ਼ਿੰਮੇਵਾਰੀ ਸੌਂਪੀ ਜਾਵੇ।

ਕੀ ਹੈ ਪੂਰਾ ਮਾਮਲਾ?
ਪਾਰਟੀ ਵੱਲੋਂ ਰਾਜ ਸਭਾ ਸਕੱਤਰੇਤ ਨੂੰ ਭੇਜੇ ਗਏ ਇੱਕ ਅਧਿਕਾਰਤ ਪੱਤਰ ਵਿੱਚ ਕਿਹਾ ਗਿਆ ਹੈ ਕਿ ਰਾਘਵ ਚੱਢਾ ਨੂੰ ਹੁਣ ਸੰਸਦ ਵਿੱਚ ਪਾਰਟੀ ਵੱਲੋਂ ਬੋਲਣ ਲਈ ਸਮਾਂ ਅਲਾਟ ਨਾ ਕੀਤਾ ਜਾਵੇ। ਉਨ੍ਹਾਂ ਦੀ ਜਗ੍ਹਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਚਾਂਸਲਰ ਅਤੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੂੰ ਆਮ ਆਦਮੀ ਪਾਰਟੀ ਦਾ ਨਵਾਂ ਡਿਪਟੀ ਲੀਡਰ ਨਿਯੁਕਤ ਕਰਨ ਦੀ ਬੇਨਤੀ ਕੀਤੀ ਗਈ ਹੈ

ਅਸ਼ੋਕ ਮਿੱਤਲ ਹੁਣ ਰਾਜ ਸਭਾ ਵਿੱਚ ‘ਆਪ’ ਦੇ ਨਵੇਂ ਉਪ-ਨੇਤਾ ਹੋਣਗੇ। ਪਾਰਟੀ ਅਨੁਸਾਰ ਇਹ ਬਦਲਾਅ ਆਉਣ ਵਾਲੇ ਸੰਸਦੀ ਸੈਸ਼ਨਾਂ ਤੋਂ ਪਹਿਲਾਂ ਲੀਡਰਸ਼ਿਪ ਨੂੰ ਨਵੀਂ ਰੂਪ-ਰੇਖਾ ਦੇਣ ਲਈ ਕੀਤਾ ਗਿਆ ਹੈ। ਸਕੱਤਰੇਤ ਨੂੰ ਸਪੱਸ਼ਟ ਕੀਤਾ ਗਿਆ ਹੈ ਕਿ ਭਵਿੱਖ ਵਿੱਚ ਪਾਰਟੀ ਦੀ ਨੁਮਾਇੰਦਗੀ ਅਤੇ ਸਮੇਂ ਦੀ ਵੰਡ ਨਵੀਂ ਲੀਡਰਸ਼ਿਪ ਅਨੁਸਾਰ ਹੋਵੇਗੀ

ਰਾਘਵ ਚੱਢਾ ਲੰਬੇ ਸਮੇਂ ਤੋਂ ਰਾਜ ਸਭਾ ਵਿੱਚ ਪਾਰਟੀ ਦਾ ਅਹਿਮ ਚਿਹਰਾ ਰਹੇ ਹਨ ਅਤੇ ਕਈ ਅਹਿਮ ਮੁੱਦਿਆਂ ‘ਤੇ ਸਰਕਾਰ ਨੂੰ ਘੇਰਦੇ ਰਹੇ ਹਨ। ਅਚਾਨਕ ਕੀਤੇ ਗਏ ਇਸ ਬਦਲਾਅ ਨੂੰ ਪਾਰਟੀ ਦੀ ਅੰਦਰੂਨੀ ਰਣਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ, ਅਸ਼ੋਕ ਮਿੱਤਲ ਨੂੰ ਇਹ ਅਹਿਮ ਜ਼ਿੰਮੇਵਾਰੀ ਮਿਲਣਾ ਉਨ੍ਹਾਂ ਦੇ ਪਾਰਟੀ ਵਿੱਚ ਵਧਦੇ ਕੱਦ ਨੂੰ ਦਰਸਾਉਂਦਾ ਹੈ। ਜਲਦੀ ਹੀ ਹੋਣ ਵਾਲੇ ਅਗਲੇ ਸੰਸਦੀ ਸੈਸ਼ਨ ਦੌਰਾਨ ਇਹ ਨਵੀਆਂ ਤਬਦੀਲੀਆਂ ਲਾਗੂ ਹੋ ਜਾਣਗੀਆਂ