ਪੰਜਾਬ ‘ਚ ਹੜ੍ਹਾਂ ਕਾਰਨ ਹੁਣ ਤੱਕ 29 ਮੌਤਾਂ, 3 ਲੋਕ ਲਾਪਤਾ, ਮਾਨਸਾ ‘ਚ ਅਲਰਟ ਜਾਰੀ

ਪੰਜਾਬ: ਪੰਜਾਬ ਵਿੱਚ ਮੀਂਹ ਕਾਰਨ ਆਏ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ। ਇਸ ਦੇ ਨਾਲ ਹੀ ਹੜ੍ਹ ਕਾਰਨ ਹੁਣ ਤੱਕ 29 ਲੋਕਾਂ ਦੀ ਜਾਨ ਜਾ ਚੁੱਕੀ ਹੈ ਜਦਕਿ 3 ਅਜੇ ਵੀ ਲਾਪਤਾ ਹਨ। ਮੀਂਹ ਕਾਰਨ ਪੰਜਾਬ ਦੇ 14 ਜ਼ਿਲ੍ਹੇ ਹੜ੍ਹ ਦੀ ਲਪੇਟ ਵਿੱਚ ਹਨ, ਜਿਨ੍ਹਾਂ ਵਿੱਚ ਮੁਹਾਲੀ, ਪਟਿਆਲਾ, ਤਰਨਤਾਰਨ, ਕਪੂਰਥਲਾ, ਜਲੰਧਰ, ਪਠਾਨਕੋਟ, ਫਿਰੋਜ਼ਪੁਰ, ਫਰੀਦਕੋਟ, ਫਤਿਹਗੜ੍ਹ ਸਾਹਿਬ, ਰੂਪਨਗਰ, ਹੁਸ਼ਿਆਰਪੁਰ, ਲੁਧਿਆਣਾ, ਮੋਗਾ ਅਤੇ ਸੰਗਰੂਰ ਸ਼ਾਮਲ ਹਨ। ਇਨ੍ਹਾਂ ਜ਼ਿਲ੍ਹਿਆਂ ਦੇ 1390 ਪਿੰਡ ਅਜੇ ਵੀ ਡੁੱਬੇ ਹੋਏ ਹਨ।

ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਬਚਾਅ ਕਾਰਜ ਅਜੇ ਵੀ ਜਾਰੀ ਹਨ। ਸੂਬੇ ‘ਚ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਕਰੀਬ 25 ਹਜ਼ਾਰ 160 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। 164 ਸਰਕਾਰੀ ਰਾਹਤ ਕੈਂਪਾਂ ਵਿੱਚ 3,331 ਲੋਕ ਰਹਿ ਰਹੇ ਹਨ, ਜਿਨ੍ਹਾਂ ਵਿੱਚੋਂ ਜਲੰਧਰ ਵਿੱਚ ਸਭ ਤੋਂ ਵੱਧ 56 ਰਾਹਤ ਕੈਂਪ ਹਨ। ਮੌਸਮ ਵਿਭਾਗ ਨੇ ਭਲਕੇ ਵੀ ਪੂਰੇ ਪੰਜਾਬ ਵਿੱਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ।

ਦੂਜੇ ਪਾਸੇ ਮਾਨਸਾ, ਸਰਦੂਲਗੜ੍ਹ ਦੇ ਚਾਂਦਪੁਰਾ ਵਿਖੇ ਸ਼ਨੀਵਾਰ ਨੂੰ ਘੱਗਰ ਦਾ 30 ਫੁੱਟ ਦਾ ਕਿਨਾਰਾ ਟੁੱਟਣ ਕਾਰਨ ਆਸ-ਪਾਸ ਦੇ ਇਲਾਕਿਆਂ ਵਿੱਚ ਪਾਣੀ ਭਰ ਗਿਆ। ਲੋਕਾਂ ਨੇ ਖੁਦ ਮਿੱਟੀ ਦੀਆਂ ਬੋਰੀਆਂ ਰੱਖ ਕੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਦਰਾੜ 80 ਫੁੱਟ ਤੱਕ ਪਹੁੰਚ ਗਈ ਹੈ। ਇਸ ਕਾਰਨ ਸ਼ਾਮ ਤੱਕ ਮਾਨਸਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੁਸ਼ਕਲਾਂ ਵਧ ਸਕਦੀਆਂ ਹਨ। ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ਗਈ ਹੈ।