ਬੰਗਲਾਦੇਸ਼ : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਇੱਕ ਪੁਰਾਣੇ ਮਾਮਲੇ ਵਿੱਚ ਅਦਾਲਤ ਵੱਲੋਂ ਮੌਤ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਉੱਤੇ ਦੋਸ਼ ਸੀ ਕਿ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਨਿਹੱਥੇ ਪ੍ਰਦਰਸ਼ਨਕਾਰੀਆਂ ‘ਤੇ ਗੋਲੀਬਾਰੀ ਦੇ ਹੁਕਮ ਦਿੱਤੇ ਸਨ, ਜਿਸਨੂੰ ਅਦਾਲਤ ਨੇ ਗੰਭੀਰ ਅਪਰਾਧ ਮੰਨਿਆ ਹੈ | ਤਿੰਨ ਜੱਜਾਂ ਦੀ ਬੈਂਚ—ਜਿਸਦੀ ਅਗਵਾਈ ਜਸਟਿਸ ਗੁਲਾਮ ਮੁਰਤਜ਼ਾ ਕਰ ਰਹੇ ਸਨ—ਨੇ ਲਗਭਗ 400-ਪੰਨਿਆਂ ਦੇ ਵਿਸਤ੍ਰਿਤ ਫ਼ੈਸਲੇ ਵਿੱਚ ਹਸੀਨਾ ਨੂੰ ਮਨੁੱਖਤਾ ਵਿਰੁੱਧ ਗੰਭੀਰ ਅਪਰਾਧਾਂ ਦਾ ਦੋਸ਼ੀ ਕਰਾਰ ਦਿੰਦੇ ਹੋਏ ਮੌਤ ਦੀ ਸਜ਼ਾ ਦੀ ਘੋਸ਼ਣਾ ਕੀਤੀ ਹੈ।
ਟ੍ਰਿਬਿਊਨਲ ਨੇ ਜਾਂਚ ਰਿਪੋਰਟਾਂ ਅਤੇ ਗਵਾਹਾਂ ਦੇ ਬਿਆਨਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸ਼ੇਖ ਹਸੀਨਾ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਵਿਰੋਧ ਪ੍ਰਦਰਸ਼ਨਾਂ ਨੂੰ ਕੁਚਲਣ ਲਈ ਹੈਲੀਕਾਪਟਰਾਂ ਅਤੇ ਘਾਤਕ ਹਥਿਆਰਾਂ ਦੀ ਵਰਤੋਂ ਦਾ ਹੁਕਮ ਦਿੱਤਾ ਸੀ। ਰਿਪੋਰਟ ਅਨੁਸਾਰ, ਇਹ ਹੁਕਮ ਕਥਿਤ ਤੌਰ ‘ਤੇ ਹਸੀਨਾ ਅਤੇ ਦੱਖਣੀ ਢਾਕਾ ਨਗਰ ਨਿਗਮ ਦੇ ਸਾਬਕਾ ਮੇਅਰ ਸ਼ੇਖ ਫ਼ਜ਼ਲੇ ਨੂਰ ਤਾਪੋਸ਼ ਵਿਚਕਾਰ ਹੋਈ ਗੱਲਬਾਤ ‘ਤੇ ਅਧਾਰਿਤ ਸੀ।
ਜੱਜਾਂ ਨੇ ਕਿਹਾ ਕਿ ਜਾਂਚ ਟੀਮ ਨੇ ਘਟਨਾਵਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਅਤੇ ਕਈ ਮਹੱਤਵਪੂਰਨ ਗਵਾਹਾਂ ਦੇ ਬਿਆਨ ਦਰਜ ਕੀਤੇ। ਟ੍ਰਿਬਿਊਨਲ ਦੇ ਅਨੁਸਾਰ, ਪ੍ਰਦਰਸ਼ਨਾਂ ਨੂੰ ਰੋਕਣ ਦੇ ਨਾਂ ‘ਤੇ ਨਾਗਰਿਕਾਂ ਦੀ ਜਾਨਾਂ ਦੀ ਪਰਵਾਹ ਨਾ ਕਰਦਿਆਂ ਘਾਤਕ ਕਾਰਵਾਈਆਂ ਕੀਤੀਆਂ ਗਈਆਂ, ਜਿਸਨੂੰ ਮਨੁੱਖਤਾ ਵਿਰੁੱਧ ਅਪਰਾਧ ਮੰਨਿਆ ਗਿਆ।
ਫ਼ੈਸਲੇ ਵਿੱਚ ਸਾਬਕਾ ਗ੍ਰਹਿ ਮੰਤਰੀ ਵਿਰੁੱਧ ਵੀ ਦੋਸ਼ ਤੈਅ ਕੀਤੇ ਗਏ। ਜੱਜਾਂ ਨੇ ਦੱਸਿਆ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਛਿਪਾਉਣ ਲਈ ਸਰਕਾਰੀ ਤੌਰ ‘ਤੇ ਅਬੂ ਸਈਦ ਦੀ ਪੋਸਟਮਾਰਟਮ ਰਿਪੋਰਟ ਚਾਰ ਤੋਂ ਪੰਜ ਵਾਰ ਬਦਲੀ ਗਈ। ਅਬੂ ਸਈਦ 16 ਜੁਲਾਈ 2024 ਨੂੰ ਪ੍ਰਦਰਸ਼ਨਾਂ ਦੌਰਾਨ ਪੁਲਿਸ ਗੋਲੀਬਾਰੀ ਵਿੱਚ ਮਾਰਿਆ ਗਿਆ ਸੀ, ਜਿਸਦੀ ਮੌਤ ਨੇ ਦੇਸ਼-ਪੱਧਰੀ ਵਿਰੋਧ ਨੂੰ ਹੋਰ ਭੜਕਾ ਦਿੱਤਾ ਸੀ।
ਰਿਪੋਰਟ ਅਨੁਸਾਰ, ਡਾਕਟਰਾਂ ਨੂੰ ਰਿਪੋਰਟ ਬਦਲਣ ਲਈ ਦਬਾਅ ਦਿੰਦਿਆਂ ਉਨ੍ਹਾਂ ਨੂੰ ਧਮਕੀਆਂ ਤੱਕ ਦਿੱਤੀਆਂ ਗਈਆਂ। ਟ੍ਰਿਬਿਊਨਲ ਨੇ ਇਹ ਵੀ ਦਰਸਾਇਆ ਕਿ ਸ਼ੇਖ ਹਸੀਨਾ ਨੇ ਢਾਕਾ ਯੂਨੀਵਰਸਿਟੀ ਦੇ ਵਾਈਸ–ਚਾਂਸਲਰ ਨਾਲ ਗੱਲਬਾਤ ਦੌਰਾਨ ਵਿਦਿਆਰਥੀਆਂ ਵਿਰੁੱਧ ਕਠੋਰ ਕਾਰਵਾਈ ਦਾ ਹੁਕਮ ਦਿੱਤਾ ਸੀ, ਜੋ ਹਿੰਸਾ ਨੂੰ ਭੜਕਾਉਣ ਅਤੇ ਨੁਕਸਾਨ ਪਹੁੰਚਾਉਣ ਵਾਲਾ ਸੀ।
ਅਦਾਲਤ ਦੇ ਅਨੁਸਾਰ, ਹਸੀਨਾ ਦੇ ਬਿਆਨ ਅਤੇ ਆਦੇਸ਼ ਨਾ ਸਿਰਫ਼ ਅਪਮਾਨਜਨਕ ਸਨ, ਸਗੋਂ ਇਹਨਾਂ ਨੇ ਸਿੱਧੇ ਤੌਰ ‘ਤੇ ਹਿੰਸਕ ਕਾਰਵਾਈਆਂ ਨੂੰ ਪ੍ਰੋਤਸਾਹਿਤ ਕੀਤਾ, ਜੋ ਮਨੁੱਖਤਾ ਵਿਰੁੱਧ ਅਪਰਾਧਾਂ ਦੇ ਸ਼੍ਰੇਣੀ ਵਿੱਚ ਆਉਂਦਾ ਹੈ

#sheikhhasina #viralnews #nationalnews #breakingnews
