
ਨਵੀਂ ਦਿੱਲੀ: ਦਿੱਲੀ ਪੁਲਿਸ ਸ਼ਰਧਾ ਵਾਕਰ ਕਤਲਕਾਂਡ ‘ਚ ਰੋਜ਼ ਵੱਡੇ ਖੁਲਾਸੇ ਕਰ ਰਹੀ ਹੈ। ਹੋਰ ਸਬੂਤਾਂ ਦੀ ਭਾਲ ਲਈ ਕਈ ਟੀਮਾਂ ਮੁੰਬਈ, ਗੁੜਗਾਉਂ, ਹਿਮਾਚਲ ਪ੍ਰਦੇਸ਼ ਅਤੇ ਮਣੀਕਰਨ ਵੀ ਭੇਜੀਆਂ ਹਨ। ਸੂਤਰਾਂ ਮੁਤਾਬਿਕ ਇਸ ਮਾਮਲੇ ‘ਚ ਸ਼ਰਧਾ ਨਾਲ ਕੁੱਟ ਮਾਰ ਦੀ ਗੱਲ ਵੀ ਸਾਹਮਣੇ ਆਈ ਹੈ। ਸ਼ਰਧਾ ਦੇ ਦੋਸਤਾਂ ਅਤੇ ਸਹਿ-ਕਰਮਚਾਰੀਆਂ ਨੇ ਪੁਲਿਸ ਨੂੰ ਦਸਿਆ ਹੈ ਕਿ ਉਸਦੇ ਨਾਲ ਇੱਕ ਵਾਰ ਇੰਨੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਗਈ ਸੀ ਕਿ ਉਹ ਤੁਰ ਵੀ ਨਹੀਂ ਸੀ ਪਾ ਰਹੀ।
ਦੱਸ ਦਇਏ ਕਿ ਦਿੱਲੀ ਦੀ ਇਕ ਅਦਾਲਤ ਨੇ ਸ਼ਹਿਰ ਦੀ ਪੁਲੀਸ ਨੂੰ ਮਹਿਰੌਲੀ ਕਤਲ ਕਾਂਡ ਦੇ ਮੁਲਜ਼ਮ ਆਫਤਾਬ ਅਮੀਨ ਪੂਨਾਵਾਲਾ ਦਾ ਨਾਰਕੋ ਟੈਸਟ 5 ਦਿਨਾਂ ਦੇ ਅੰਦਰ ਪੂਰਾ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਪੂਨਾਵਾਲਾ ਦੇ ਖਿਲਾਫ ਕੋਈ ਵੀ ‘ਥਰਡ ਡਿਗਰੀ’ ਉਪਾਅ ਨਹੀਂ ਵਰਤਿਆ ਜਾਣਾ ਚਾਹੀਦਾ।
ਜਾਂਚ ਏਜੇਂਸੀਆਂ ਨੇ ਦੱਸਿਆ ਕਿ ਪੂਨਾਵਾਲਾ ਦੇ ਫੋਨ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ ਤਾਂ ਜੋ ਉਨ੍ਹਾਂ ਲੋਕਾਂ ਦੀ ਪਛਾਣ ਕੀਤੀ ਜਾ ਸਕੇ ਜੋ ਸ਼ਰਧਾ ਦੇ ਕਤਲ ਤੋਂ ਬਾਅਦ ਵੀ ਆਫਤਾਬ ਦੇ ਸੰਪਰਕ ਵਿੱਚ ਸਨ ਅਤੇ ਜਿਹੜਾ ਡੇਟਾ ‘ਡਿਲੀਟ’ ਕੀਤਾ ਗਿਆ ਸੀ ਉਸ ਨੂੰ ਵੀ ਮੁੜ ਪ੍ਰਾਪਤ ਕੀਤਾ ਜਾਵੇਗਾ।