CM ਮਾਨ ਦਾ ਕਾਦੀਆਂ ਵਾਸੀਆਂ ਨੂੰ ਵੱਡਾ ਤੋਹਫ਼ਾ: ਕਾਦੀਆਂ ਨੂੰ ਮਿਲੇਗਾ ‘ਸਬ-ਡਵੀਜ਼ਨ’ ਦਾ ਦਰਜਾ

ਗੁਰਦਾਸਪੁਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਹਲਕਾ ਕਾਦੀਆਂ ਦੇ ਵਿਕਾਸ ਲਈ ਇੱਕ ਇਤਿਹਾਸਕ ਐਲਾਨ ਕੀਤਾ ਹੈ। ਇੱਕ ਵਿਸ਼ਾਲ ਜਨਸਭਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਕਾਦੀਆਂ ਨੂੰ ਜਲਦ ਹੀ ਸਬ-ਡਵੀਜ਼ਨ (ਤਹਿਸੀਲ) ਦਾ ਦਰਜਾ ਦਿੱਤਾ ਜਾਵੇਗਾ। ਇਸ ਫੈਸਲੇ ਨਾਲ ਇਲਾਕੇ ਦੇ ਲੋਕਾਂ ਨੂੰ ਆਪਣੇ ਪ੍ਰਸ਼ਾਸਨਿਕ ਕੰਮਾਂ ਲਈ ਦੂਰ ਨਹੀਂ ਜਾਣਾ ਪਵੇਗਾ ਅਤੇ ਇੱਕੋ ਪ੍ਰਸ਼ਾਸਨਿਕ ਇਮਾਰਤ ਦੇ ਅੰਦਰ ਸਾਰੀਆਂ ਸਰਕਾਰੀ ਸੁਵਿਧਾਵਾਂ ਉਪਲਬਧ ਕਰਵਾਈਆਂ ਜਾਣਗੀਆਂ।

ਹਲਕਾ ਕਾਦੀਆਂ ਦੀ ਬਦਲੇਗੀ ਨੁਹਾਰ: CM ਮਾਨ
ਸਮਾਗਮ ਦੌਰਾਨ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਹਰ ਕੋਨੇ ਦਾ ਸਰਵਪੱਖੀ ਵਿਕਾਸ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ:

“ਕਾਦੀਆਂ ਹਲਕੇ ਦੀ ਨੁਹਾਰ ਬਦਲਣਾ ਸਾਡਾ ਮੁੱਖ ਮਕਸਦ ਹੈ। ਲੰਮੇ ਸਮੇਂ ਤੋਂ ਇਹ ਇਲਾਕਾ ਵਿਕਾਸ ਪੱਖੋਂ ਪੱਛੜਿਆ ਰਿਹਾ ਹੈ, ਪਰ ਹੁਣ ਇੱਥੋਂ ਦੇ ਲੋਕਾਂ ਦੀ ਹਰ ਮੰਗ ਅਤੇ ਲੋੜ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇਗਾ।”

ਗੁਰਇਕਬਾਲ ਸਿੰਘ ਮਾਹਲ ਦੇ ਰੂਪ ਵਿੱਚ ਮਿਲਿਆ ਨਵਾਂ ਸੇਵਾਦਾਰ
ਮੁੱਖ ਮੰਤਰੀ ਨੇ ਇਲਾਕਾ ਵਾਸੀਆਂ ਨੂੰ ਗੁਰਇਕਬਾਲ ਸਿੰਘ ਮਾਹਲ ਦੇ ਰੂਪ ਵਿੱਚ ਇੱਕ ਮਿਹਨਤੀ ਅਤੇ ਸਮਰਪਿਤ ਹਲਕਾ ਸੇਵਾਦਾਰ ਸੌਂਪਿਆ। ਉਨ੍ਹਾਂ ਭਰੋਸਾ ਦਿੱਤਾ ਕਿ ਸ੍ਰੀ ਮਾਹਲ ਦਿਨ-ਰਾਤ ਜਨਤਾ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ ਅਤੇ ਹਲਕੇ ਦੀਆਂ ਮੁਸ਼ਕਿਲਾਂ ਨੂੰ ਸਿੱਧਾ ਸਰਕਾਰ ਤੱਕ ਪਹੁੰਚਾ ਕੇ ਹੱਲ ਕਰਵਾਉਣਗੇ।

ਪਰਿਵਾਰਵਾਦ ਤੋਂ ਮਿਲੇਗੀ ਮੁਕਤੀ, ਲੋਕਾਂ ਨੇ ਛੱਡੇ ਜੈਕਾਰੇ
ਇਸ ਮੌਕੇ ਰੈਲੀ ਵਿੱਚ ਮੌਜੂਦ ਭਾਰੀ ਇਕੱਠ ਨੇ ਮੁੱਖ ਮੰਤਰੀ ਦੇ ਇਸ ਫੈਸਲੇ ਦਾ ਸਵਾਗਤ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਕੀਤਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹਲਕਾ ਕਾਦੀਆਂ ਲੰਮੇ ਸਮੇਂ ਤੋਂ ‘ਪਰਿਵਾਰਵਾਦ’ ਦੀ ਰਾਜਨੀਤੀ ਵਿੱਚ ਜਕੜਿਆ ਹੋਇਆ ਸੀ, ਜਿਸ ਕਾਰਨ ਆਮ ਲੋਕਾਂ ਦੀ ਸੁਣਵਾਈ ਨਹੀਂ ਹੁੰਦੀ ਸੀ। ਮੁੱਖ ਮੰਤਰੀ ਦੇ ਇਸ ਕਦਮ ਨਾਲ ਹੁਣ ਹਲਕੇ ਵਿੱਚ ਵਿਕਾਸ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ