
ਅੰਮ੍ਰਿਤਸਰ: ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਮਾਮਲੇ ‘ਚ ਮੁਖ ਦੋਸ਼ੀ ਸੰਦੀਪ ਸਿੰਘ ਨੂੰ ਅੱਜ ਭਾਰੀ ਪੁਲੀਸ ਫੋਰਸ ਅਤੇ ਸੁਰੱਖਿਆ ਪ੍ਰਬੰਧਾਂ ਹੇਠ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸੂਤਰਾਂ ਦੇ ਮੁਤਾਬਿਕ, ਅਦਾਲਤ ਨੇ ਦੋਸ਼ੀ ਨੂੰ 2 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।
ਦੱਸ ਦੇਈਏ ਕਿ ਸੁਧੀਰ ਸੂਰੀ ਦਾ ਕਰੀਬ 11 ਦਿਨਾਂ ਪਹਿਲਾਂ ਗੋਪਾਲ ਮੰਦਰ, ਅੰਮ੍ਰਿਤਸਰ ਨੇੜੇ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਸੂਰੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨਿਆ। ਸੂਰੀ ਦੇ ਕਤਲ ਤੋਂ ਬਾਅਦ ਪੂਰੇ ਪੰਜਾਬ ‘ਚ ਸਥਿਤੀ ਤਣਾਅਪੂਰਨ ਬਣ ਗਈ ਹੈ। ਗੁੱਸੇ ਨਾਲ ਭਰੇ ਸ਼ਿਵ ਸੈਨਾ ਆਗੂ ਵੱਖ-ਵੱਖ ਥਾਵਾਂ ਤੇ ਮੋਰਚਾ ਖੋਲ ਕੇ ਇਨਸਾਫ਼ ਦੀ ਮੰਗ ਕਰ ਰਹੇ ਹਨ। ਗੋਲੀ ਚਲਾਉਣ ਵਾਲੇ ਦੋਸ਼ੀ ਸੰਦੀਪ ਸਿੰਘ ਨੂੰ ਇਸ ਘਟਨਾ ਦੇ ਕੁਝ ਹੀ ਮਿੰਟਾਂ ‘ਚ ਗ੍ਰਿਫਤਾਰ ਕਰ ਲਿਆ ਗਿਆ ਸੀ। ਪੁਲਿਸ ਮੁਤਾਬਿਕ ਮੁਲਜ਼ਮਾਂ ਦੀ ਕਾਰ ਤੋਂ ਬਰਾਮਦ ਹੋਈਆਂ ਹਿੰਦੂ ਆਗੂਆਂ, ਖਾਲਿਸਤਾਨ ਵਿਰੋਧੀ ਅਤੇ ਵੱਖ-ਵੱਖ ਵਿਅਕਤੀਆਂ ਦੀਆਂ ਤਸਵੀਰਾਂ ਜਾਂਚ ਅਧੀਨ ਹਨ। ਜ਼ਿਕਰਯੋਗ ਹੈ ਕਿ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਦੇ ਮੁਲਜ਼ਮ ਸੰਦੀਪ ਸਿੰਘ ਨੂੰ ਪਹਿਲਾਂ ਅੰਮ੍ਰਿਤਸਰ ਅਦਾਲਤ ਵਲੋਂ ਸੱਤ ਦਿਨਾਂ ਦੀ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਸੀ।
