ਪਿੰਡ ਪੱਖੋਕੇ ਦਾ ਸਿੱਖ ਨੌਜਵਾਨ ਟਰਾਂਟੋ ਪੁਲੀਸ ਵਿੱਚ ਹੋਇਆ ਭਰਤੀ, ਭਰਤੀ ਹੋਣ ਵਾਲਿਆਂ ਵਿੱਚ ਇਕੱਲਾ ਦਸਤਾਰਧਾਰੀ ਸਿੱਖ

ਬਰਨਾਲਾ ਜਿਲ੍ਹੇ ਦੇ ਪਿੰਡ ਪੱਖੋਕੇ ਦੇ ਇੱਕ ਸਿੱਖ ਨੌਜਵਾਨ ਨੇ ਕੈਨੇਡਾ ਦੀ ਟਰਾਂਟੋ ਪੁਲੀਸ ਵਿੱਚ ਭਰਤੀ ਹੋ ਕੇ ਪਿੰਡ ਦਾ ਮਾਣ ਵਧਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਚ ਗੁਰਚਰਨ ਸਿੰਘ ਅਤੇ ਪਰਮਜੀਤ ਸਿੰਘ ਰਾਜਾ ਨੇ ਦੱਸਿਆ ਕਿ ਟਰਾਂਟੋ ਪੁਲੀਸ ਵਿੱਚ ਭਰਤੀ ਹੋਣ ਵਾਲਾ ਨੌਜਵਾਨ ਸੁਖਚੈਨ ਸਿੰਘ ਢਿੱਲੋਂ ਪੁੱਤਰ ਰਾਮ ਸਿੰਘ (29) ਉਹਨਾਂ ਦਾ ਭਤੀਜਾ ਹੈ। ਬੀਤੇ ਕੱਲ੍ਹ 6 ਜੂਨ ਨੂੰ ਸੁਖਚੈਨ ਸਿੰਘ ਨੇ ਬਤੌਰ ਪੁਲੀਸ ਕਾਂਸਟੇਬਲ ਆਪਣੀ ਡਿਊਟੀ ਸੰਭਾਲ ਲਈ ਹੈ। ਉਹਨਾਂ ਦੱਸਿਆ ਕਿ ਸੁਖਚੈਨ ਕਰੀਬ 8 ਸਾਲ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ। ਆਪਣੀ ਸਖ਼ਤ ਮਿਹਨਤ ਸਦਕਾ ਉਹ ਇਸ ਮੁਕਾਮ ਤੇ ਪਹੁੰਚ ਸਕਿਆ ਹੈ। ਉਹਨਾਂ ਦੱਸਿਆ ਕਿ ਪੁਲੀਸ ਵਿੱਚ ਭਰਤੀ ਹੋਣ ਵਾਲਿਆਂ ਵਿੱਚ ਇਕੱਲਾ ਸੁਖਚੈਨ ਦਸਤਾਰਧਾਰੀ ਹੈ। ਜਦਕਿ ਉਸਨੂੰ ਭਰਤੀ ਮੌਕੇ ਕੇਸ ਕਟਵਾਉਣ ਲਈ ਵੀ ਪੁਲੀਸ ਵਲੋਂ ਕਿਹਾ ਗਿਆ ਸੀ। ਪਰ ਸੁਖਚੈਨ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਬਾਅਦ ਵਿੱਚ ਉਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਚੈਨ ਸਿੰਘ ਦੇ ਹੱਕ ਵਿੱਚ ਸਟੈਂਡ ਲਿਆ ਅਤੇ ਲਿਖਤੀ ਰੂਪ ਵਿੱਚ ਪੁਲੀਸ ਨੂੰ ਦਿੱਤਾ ਗਿਆ ਕਿ ਸੁਖਚੈਨ ਇੱਕ ਸਿੱਖ ਨੌਜਵਾਨ ਹੈ। ਜਿਸ ਉਪਰੰਤ ਸੁਖਚੈਨ ਨੂੰ ਦਸਤਾਰ ਸਮੇਤ ਹੀ ਡਿਊਟੀ ਦੀ ਇਜ਼ਾਜ਼ਤ ਦਿੱਤੀ ਗਈ ਅਤੇ ਉਸਨੂੰ ਬਤੌਰ ਦਸਤਾਰਧਾਰੀ ਸਿੱਖ ਭਰਤੀ ਕਰ ਲਿਆ ਗਿਆ। ਉਹਨਾਂ ਦੱਸਿਆ ਕਿ ਸੁਖਚੈਨ ਸਿੰਘ ਦੇ ਮਾਤਾ ਪ੍ਰਿਤਪਾਲ ਕੌਰ ਅਤੇ ਪਿਤਾ ਰਾਮ ਸਿੰਘ ਢਿੱਲੋਂ ਅਤੇ ਭੈਣ ਮਨਪ੍ਰੀਤ ਕੌਰ ਵੀ ਕੈਨੇਡਾ ਵਿੱਚ ਰਹਿ ਰਹੇ ਹਨ, ਜਦਕਿ ਦਾਦਾ ਬੰਤ ਸਿੰਘ ਢਿੱਲੋਂ ਅਤੇ ਦਾਦੀ ਹਰਬੰਸ ਕੌਰ ਪਿੰਡ ਵਿੱਚ ਹੀ ਹਨ। ਪਰਿਵਾਰ ਅਤੇ ਪਿੰਡ ਵਾਸੀਆਂ ਵਿੱਚ ਸੁਖਚੈਨ ਸਿੰਘ ਦੀ ਇਸ ਪ੍ਰਾਪਤੀ ਲਈ ਕਾਫ਼ੀ ਖੁਸ਼ੀ ਦਾ ਮਾਹੌਲ ਹੈ।

Tags :