ਸ਼੍ਰੀ ਅੰਮ੍ਰਿਤਸਰ ਸਾਹਿਬ: ਖ਼ਾਲਸਾ ਕਾਲਜ ਫਾਰ ਵਿਮੈਨ ਵਿਖੇ ਪੰਜਾਬ ਭਵਨ ਸਰੀ (ਕਨੇਡਾ) ਦੇ ਸੰਸਥਾਪਕ ਸੁੱਖੀ ਬਾਠ ਦੀ ਅਗੁਵਾਈ ਵਿੱਚ “ਨਵੀਆਂ ਕਲਮਾਂ ਨਵੀਂ ਉਡਾਣ” ਪੁਸਤਕ ਦਾ ਛੇਵਾਂ ਭਾਗ ਲੋਕ ਅਰਪਿਤ ਕੀਤਾ ਗਿਆ। ਛੇਵੇਂ ਭਾਗ ਦੀ ਇਸ ਪੁਸਤਕ ਦੇ ਰਿਲੀਜ਼ ਮੌਕੇ ਪੰਜਾਬ ਭਵਨ ਸਰੀ, ਕਨੇਡਾ ਦੇ ਸੰਸਥਾਪਕ ਸੁੱਖੀ ਬਾਠ ਨੇ ਸੰਬੋਧਨ ਵਿੱਚ ਦੱਸਿਆ ਕਿ ਉਨ੍ਹਾਂ ਦਾ ਮਕਸਦ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮਾਤ ਭਾਸ਼ਾ ਪੰਜਾਬੀ ਨਾਲ ਜੋੜਨਾ ਹੈ, ਕਿਉਂਕਿ ਜੋ ਵੀ ਆਪਣੀ ਮਾਤ ਭਾਸ਼ਾ ਤੋਂ ਟੁੱਟ ਜਾਂਦਾ ਹੈ, ਉਹ ਭਟਕ ਜਾਂਦਾ ਹੈ।
ਇਸ ਮੌਕੇ ਉਨ੍ਹਾਂ ਨਾਲ ਮੰਚ ‘ਤੇ ਖਾਲਸਾ ਕਾਲਜ ਫਾਰ ਵਿਮੈਨ ਦੇ ਪ੍ਰਿੰਸੀਪਲ ਡਾ. ਸੁਰਿੰਦਰ ਕੌਰ, ਪੰਜਾਬ ਭਵਨ ਸਬ ਆਫਿਸ ਜਲੰਧਰ ਦੇ ਮੁੱਖ ਸੰਚਾਲਿਕਾ ਪ੍ਰੀਤ ਹੀਰ, ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ, ਸੰਪਾਦਕ ਗੁਰਜੀਤ ਕੌਰ ਅਜਨਾਲਾ ਵੀ ਪਹੁੁੰਚੇ। ਇਸ ਪੁਸਤਕ ਵਿੱਚ ਸਰਕਾਰੀ, ਪ੍ਰਾਈਵੇਟ ਆਦਿ ਸਕੂਲਾਂ ਦੇ 89 ਵਿਦਿਆਰਥੀਆਂ ਦੀਆਂ ਕਵਿਤਾਵਾਂ ਦਰਜ ਹਨ। ਵਿਦਿਆਰਥੀਆਂ ਨੂੰ ਇਸ ਮੌਕੇ ਮੈਡਲ, ਪ੍ਰਸ਼ੰਸਾ ਪੱਤਰ ਅਤੇ ਇੱਕ-ਇੱਕ ਪੁਸਤਕ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਗਾਈਡ ਅਧਿਆਪਕਾਂ ਨੂੰ ਵੀ ਪ੍ਰਸ਼ੰਸਾ ਪੱਤਰ ਅਤੇ ਪੁਸਤਕ ਨਾਲ ਸਨਮਾਨਿਤ ਕੀਤਾ ਗਿਆ।
ਚੁਨਿੰਦਾ ਵਿਦਿਆਰਥੀਆਂ ਵੱਲੋਂ ਆਪਣੀਆਂ ਕਵਿਤਾਵਾਂ ਨੂੰ ਪੇਸ਼ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਪ੍ਰਸਿੱਧ ਸਾਹਿਤਕਾਰ ਸ. ਸ਼ਮਸ਼ੀਲ ਸਿੰਘ ਸੋਢੀ, ‘ਰਾਏ ਮੂਵੀਜ਼’ ਦੇ ਐਮਡੀ ਅਤੇ ‘ਆਵਾਜ਼-ਏ-ਪੰਜਾਬ’ ਆਨਲਾਈਨ ਸਮਾਚਾਰ ਪੱਤਰ ਦੇ ਚੇਅਰਮੈਨ ਨਰਿੰਦਰ ਰਾਏ, ਪ੍ਰੋਫੈਸਰ ਦਿਨੇਸ਼ ਸ਼ਰਮਾਂ, ਹੈੱਡਮਾਸਟਰ ਮਨਜਿੰਦਰ ਔਲਖ, ਪ੍ਰੋਫੈਸਰ ਮਨਜੀਤ ਕੌਰ ਖਾਲਸਾ ਕਾਲਜ ਫਾਰ ਵਿਮੈਨ ਆਦਿ ਵੱਡੀ ਗਿਣਤੀ ਵਿੱਚ ਹਾਜ਼ਰ ਸਨ।