ਲੁਧਿਆਣਾ ਵਿੱਚ ਨਿਸ਼ਾਨ ਸਾਹਿਬ ਦੀ ਸੇਵਾ ਦੌਰਾਨ ਵਾਪਰਿਆ ਭਿਆਨਕ ਹਾਦਸਾ, ਸੇਵਾਦਾਰ ਦੀ ਮੌਤ

ਲੁਧਿਆਣਾ ਦੇ ਦੁੱਗਰੀ ਰੋਡ ‘ਤੇ ਸਥਿਤ ਕਰਤਾਰ ਨਗਰ ਦੇ ਗੁਰਦੁਆਰਾ ਸ੍ਰੀ ਸਿੰਘ ਸਭਾ ਵਿੱਚ ਵਿਸਾਖੀ ਦੇ ਮੌਕੇ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ। ਮੰਗਲਵਾਰ ਸਵੇਰੇ ਜਦੋਂ ਨਿਸ਼ਾਨ ਸਾਹਿਬ ਦਾ ਚੋਲਾ ਸਾਹਿਬ ਬਦਲਣ ਦੀ ਸੇਵਾ ਚੱਲ ਰਹੀ ਸੀ, ਤਾਂ ਅਚਾਨਕ ਕਰੇਨ ਦੀ ਤਾਰ ਟੁੱਟ ਗਈ। ਇਸ ਹਾਦਸੇ ਕਾਰਨ ਸੇਵਾ ਕਰ ਰਿਹਾ ਸੇਵਾਦਾਰ, ਜਿਸ ਦੀ ਪਛਾਣ 40 ਸਾਲਾ ਮਨਿੰਦਰ ਸਿੰਘ ਵਜੋਂ ਹੋਈ ਹੈ, ਲਗਭਗ 60 ਫੁੱਟ ਦੀ ਉਚਾਈ ਤੋਂ ਹੇਠਾਂ ਜਾ ਡਿੱਗਿਆ।

ਮ੍ਰਿਤਕ ਦੇ ਭਰਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਨਿੰਦਰ ਪਿਛਲੇ 12 ਸਾਲਾਂ ਤੋਂ ਬੜੀ ਸ਼ਰਧਾ ਨਾਲ ਗੁਰਦੁਆਰਾ ਸਾਹਿਬ ਵਿੱਚ ਨਿਸ਼ਾਨ ਸਾਹਿਬ ਦੀ ਸੇਵਾ ਕਰਦਾ ਆ ਰਿਹਾ ਸੀ। ਹਰ ਸੰਕ੍ਰਾਂਤੀ ਅਤੇ ਵਿਸਾਖੀ ਦੀ ਤਰ੍ਹਾਂ ਇਸ ਵਾਰ ਵੀ ਉਹ ਸਵੇਰੇ ਤਕਰੀਬਨ 9 ਵਜੇ ਚੋਲਾ ਸਾਹਿਬ ਬਦਲਣ ਦੀ ਸੇਵਾ ਲਈ ਉੱਪਰ ਗਿਆ ਸੀ, ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਉਸਦੀ ਆਖਰੀ ਸੇਵਾ ਹੋਵੇਗੀ।

ਹਾਦਸੇ ਤੋਂ ਤੁਰੰਤ ਬਾਅਦ ਉੱਥੇ ਮੌਜੂਦ ਲੋਕਾਂ ਨੇ ਗੰਭੀਰ ਜ਼ਖਮੀ ਮਨਿੰਦਰ ਸਿੰਘ ਨੂੰ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਪਰ ਜ਼ਿਆਦਾ ਖੂਨ ਵਹਿ ਜਾਣ ਅਤੇ ਡੂੰਘੀਆਂ ਸੱਟਾਂ ਕਾਰਨ ਉਸ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ। ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮਨਿੰਦਰ ਸਿੰਘ ਆਪਣੇ ਪਿੱਛੇ ਪਤਨੀ ਅਤੇ ਇੱਕ 10 ਸਾਲ ਦਾ ਪੁੱਤਰ ਛੱਡ ਗਿਆ ਹੈ। ਉਹ ਕਰਿਆਨੇ ਦੀ ਦੁਕਾਨ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਵਿਸਾਖੀ ਦੇ ਖੁਸ਼ੀ ਵਾਲੇ ਦਿਨ ਵਾਪਰੀ ਇਸ ਅਚਾਨਕ ਮੌਤ ਨੇ ਪੂਰੇ ਇਲਾਕੇ ਅਤੇ ਗੁਰਦੁਆਰਾ ਸਾਹਿਬ ਦੀ ਸੰਗਤ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ। ਪੁਲਿਸ ਚੌਕੀ ਆਤਮ ਨਗਰ ਦੇ ਅਧੀਨ ਆਉਂਦੇ ਇਸ ਖੇਤਰ ਵਿੱਚ ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।