DGCA ਦੇ ਨਵੇਂ ਨਿਯਮ: ਹਵਾਈ ਟਿਕਟ ਬੁੱਕ ਕਰਨ ਦੇ 48 ਘੰਟਿਆਂ ‘ਚ ਕੈਂਸਲ ਕਰਨ ‘ਤੇ ਮਿਲੇਗਾ ਪੂਰਾ ਰਿਫੰਡ, ਜਾਣੋ ਕੀ ਹਨ ਸ਼ਰਤਾਂ

ਨਵੀਂ ਦਿੱਲੀ: ਹਵਾਈ ਯਾਤਰੀਆਂ ਲਈ ਰਾਹਤ ਦੀ ਵੱਡੀ ਖ਼ਬਰ ਹੈ। ਹਵਾਬਾਜ਼ੀ ਰੈਗੂਲੇਟਰੀ DGCA (ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ) ਨੇ ਟਿਕਟ ਰਿਫੰਡ ਅਤੇ ਸੋਧ ਦੇ ਨਿਯਮਾਂ ਵਿੱਚ ਵੱਡੀ ਤਬਦੀਲੀ ਕੀਤੀ ਹੈ। ਨਵੇਂ ਨਿਯਮਾਂ ਅਨੁਸਾਰ, ਹੁਣ ਯਾਤਰੀ ਟਿਕਟ ਬੁਕਿੰਗ ਦੇ 48 ਘੰਟਿਆਂ ਦੇ ਅੰਦਰ ਬਿਨਾਂ ਕਿਸੇ ਵਾਧੂ ਚਾਰਜ ਦੇ ਟਿਕਟ ਰੱਦ ਕਰ ਸਕਦੇ ਹਨ ਜਾਂ ਉਸ ਵਿੱਚ ਬਦਲਾਅ ਕਰ ਸਕਦੇ ਹਨ

ਇਹ ਫੈਸਲਾ ਯਾਤਰੀਆਂ ਦੀਆਂ ਲਗਾਤਾਰ ਵਧ ਰਹੀਆਂ ਸ਼ਿਕਾਇਤਾਂ ਅਤੇ ਦਸੰਬਰ 2025 ਵਿੱਚ ਇੰਡੀਗੋ ਦੀਆਂ ਉਡਾਣਾਂ ਵਿੱਚ ਆਈਆਂ ਰੁਕਾਵਟਾਂ ਤੋਂ ਬਾਅਦ ਲਿਆ ਗਿਆ ਹੈ। ਇਹ ਸੋਧੇ ਹੋਏ ਨਿਯਮ 24 ਫਰਵਰੀ ਨੂੰ ਜਾਰੀ ਕੀਤੇ ਗਏ ਹਨ।

ਕੀ ਹੈ 48 ਘੰਟਿਆਂ ਦਾ ‘ਲੁੱਕ-ਇਨ’ ਵਿਕਲਪ?
ਹੁਣ ਏਅਰਲਾਈਨਾਂ ਨੂੰ ਯਾਤਰੀਆਂ ਨੂੰ 48 ਘੰਟਿਆਂ ਦੀ ‘ਲੁੱਕ-ਇਨ’ (Look-in) ਮਿਆਦ ਦੇਣੀ ਪਵੇਗੀ

ਇਸ ਸਮੇਂ ਦੌਰਾਨ ਯਾਤਰੀ ਬਿਨਾਂ ਕਿਸੇ ਕੈਂਸਲੇਸ਼ਨ ਫੀਸ ਦੇ ਟਿਕਟ ਰੱਦ ਕਰ ਸਕਦਾ ਹੈ। ਜੇਕਰ ਯਾਤਰੀ ਉਡਾਣ ਬਦਲਣਾ ਚਾਹੁੰਦਾ ਹੈ, ਤਾਂ ਉਸ ਨੂੰ ਸਿਰਫ਼ ਕਿਰਾਏ ਦਾ ਅੰਤਰ (ਜੇਕਰ ਕੋਈ ਹੋਵੇ) ਦੇਣਾ ਪਵੇਗਾ, ਕੋਈ ਵਾਧੂ ਸੋਧ ਫੀਸ ਨਹੀਂ ਲਈ ਜਾਵੇਗੀ।

ਕਿਹੜੀਆਂ ਉਡਾਣਾਂ ‘ਤੇ ਲਾਗੂ ਨਹੀਂ ਹੋਵੇਗਾ ਇਹ ਨਿਯਮ?
DGCA ਨੇ ਸਪੱਸ਼ਟ ਕੀਤਾ ਹੈ ਕਿ ਇਹ ਸਹੂਲਤ ਸਿਰਫ਼ ਉਦੋਂ ਮਿਲੇਗੀ ਜੇਕਰ:

ਘਰੇਲੂ ਉਡਾਣਾਂ: ਉਡਾਣ ਦੇ ਸਮੇਂ ਤੋਂ ਘੱਟੋ-ਘੱਟ 7 ਦਿਨ ਪਹਿਲਾਂ ਟਿਕਟ ਬੁੱਕ ਕੀਤੀ ਗਈ ਹੋਵੇ।

ਅੰਤਰਰਾਸ਼ਟਰੀ ਉਡਾਣਾਂ: ਉਡਾਣ ਦੇ ਸਮੇਂ ਤੋਂ ਘੱਟੋ-ਘੱਟ 15 ਦਿਨ ਪਹਿਲਾਂ ਟਿਕਟ ਬੁੱਕ ਕੀਤੀ ਗਈ ਹੋਵੇ।

ਜੇਕਰ ਟਿਕਟ ਸਿੱਧੀ ਏਅਰਲਾਈਨ ਦੀ ਵੈੱਬਸਾਈਟ ਤੋਂ ਬੁੱਕ ਕੀਤੀ ਗਈ ਹੈ, ਤਾਂ ਹੀ ਇਹ ਨਿਯਮ ਪ੍ਰਭਾਵਸ਼ਾਲੀ ਹੋਣਗੇ

ਨਾਮ ਵਿੱਚ ਗਲਤੀ ਹੋਣ ‘ਤੇ ਕੋਈ ਵਾਧੂ ਚਾਰਜ ਨਹੀਂ
ਜੇਕਰ ਕਿਸੇ ਯਾਤਰੀ ਨੇ ਟਿਕਟ ਬੁੱਕ ਕਰਦੇ ਸਮੇਂ ਆਪਣੇ ਨਾਮ ਵਿੱਚ ਕੋਈ ਗਲਤੀ ਕੀਤੀ ਹੈ ਅਤੇ ਬੁਕਿੰਗ ਦੇ 24 ਘੰਟਿਆਂ ਦੇ ਅੰਦਰ ਇਸ ਬਾਰੇ ਏਅਰਲਾਈਨ ਨੂੰ ਸੂਚਿਤ ਕਰਦਾ ਹੈ, ਤਾਂ ਏਅਰਲਾਈਨ ਇਸ ਨੂੰ ਠੀਕ ਕਰਨ ਲਈ ਕੋਈ ਵਾਧੂ ਫੀਸ ਨਹੀਂ ਵਸੂਲ ਸਕਦੀ

ਮੈਡੀਕਲ ਐਮਰਜੈਂਸੀ ਅਤੇ ਰਿਫੰਡ ਦੀ ਮਿਆਦ
ਮੈਡੀਕਲ ਕੇਸ: ਜੇਕਰ ਯਾਤਰੀ ਜਾਂ ਉਸ ਦਾ ਪਰਿਵਾਰਕ ਮੈਂਬਰ (ਉਸੇ PNR ‘ਤੇ) ਹਸਪਤਾਲ ਵਿੱਚ ਦਾਖਲ ਹੁੰਦਾ ਹੈ, ਤਾਂ ਏਅਰਲਾਈਨ ਨੂੰ ਰਿਫੰਡ ਜਾਂ ‘ਕ੍ਰੈਡਿਟ ਸ਼ੈੱਲ’ ਦੇਣਾ ਹੋਵੇਗਾ

ਰਿਫੰਡ ਦਾ ਸਮਾਂ: ਏਅਰਲਾਈਨਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਰਿਫੰਡ ਦੀ ਪ੍ਰਕਿਰਿਆ 14 ਕਾਰਜ ਦਿਵਸਾਂ (Working Days) ਦੇ ਅੰਦਰ ਪੂਰੀ ਹੋ ਜਾਵੇ। ਭਾਵੇਂ ਟਿਕਟ ਏਜੰਟ ਰਾਹੀਂ ਬੁੱਕ ਹੋਈ ਹੋਵੇ, ਰਿਫੰਡ ਦੀ ਜ਼ਿੰਮੇਵਾਰੀ ਏਅਰਲਾਈਨ ਦੀ ਹੀ ਹੋਵੇਗੀ।

DGCA ਵਿੱਚ ਸਟਾਫ ਦੀ ਕਮੀ: 38 ਕੰਸਲਟੈਂਟਸ ਦੀ ਹੋਵੇਗੀ ਭਰਤੀ
ਨਿਯਮਾਂ ਵਿੱਚ ਬਦਲਾਅ ਦੇ ਨਾਲ-ਨਾਲ DGCA ਆਪਣੇ ਖਾਲੀ ਪਏ ਅਹੁਦਿਆਂ ਨੂੰ ਭਰਨ ਦੀ ਤਿਆਰੀ ਵਿੱਚ ਹੈ।

ਰੈਗੂਲੇਟਰੀ ਵਿੱਚ ਇਸ ਵੇਲੇ ਲਗਭਗ 50% ਅਹੁਦੇ ਖਾਲੀ ਹਨ (1,630 ਪ੍ਰਵਾਨਿਤ ਅਹੁਦਿਆਂ ਵਿੱਚੋਂ 787 ਖਾਲੀ ਹਨ)

ਇਸ ਕਮੀ ਨੂੰ ਪੂਰਾ ਕਰਨ ਲਈ ਏਅਰਵਰਥੀਨੇਸ, ਏਅਰ ਸੇਫਟੀ ਅਤੇ ਕਾਨੂੰਨੀ ਮਾਮਲਿਆਂ ਲਈ 38 ਕੰਸਲਟੈਂਟਸ ਦੀ ਭਰਤੀ ਕੀਤੀ ਜਾ ਰਹੀ ਹੈ।

ਅਪਲਾਈ ਕਰਨ ਵਾਲਿਆਂ ਦੀ ਵੱਧ ਤੋਂ ਵੱਧ ਉਮਰ 63 ਸਾਲ ਰੱਖੀ ਗਈ ਹੈ ਅਤੇ ਇਹ ਨਿਯੁਕਤੀਆਂ ਇੱਕ ਸਾਲ ਦੇ ਇਕਰਾਰਨਾਮੇ (Contract) ‘ਤੇ ਹੋਣਗੀਆਂ