ਵਾਸ਼ਿੰਗਟਨ: ਅਮਰੀਕਾ ਵਿੱਚ ਪੱਕੇ ਹੋਣ (Green Card) ਦਾ ਸੁਪਨਾ ਦੇਖਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ US ਸਰਕਾਰ ਨੇ ਇੱਕ ਵੱਡਾ ਝਟਕਾ ਦਿੱਤਾ ਹੈ। ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) ਵੱਲੋਂ ਜਾਰੀ ਇੱਕ ਨਵੇਂ ਪਾਲਿਸੀ ਮੈਮੋ (ਨੀਤੀ) ਮੁਤਾਬਕ, ਹੁਣ ਟੈਂਪਰੇਰੀ ਵੀਜ਼ਾ ‘ਤੇ ਅਮਰੀਕਾ ਵਿੱਚ ਰਹਿ ਰਹੇ ਜ਼ਿਆਦਾਤਰ ਲੋਕਾਂ ਨੂੰ ਗ੍ਰੀਨ ਕਾਰਡ ਅਪਲਾਈ ਕਰਨ ਲਈ ਪਹਿਲਾਂ ਆਪਣੇ ਹੋਮ ਕੰਟਰੀ (ਜਿਵੇਂ ਭਾਰਤ) ਵਾਪਸ ਜਾਣਾ ਪਵੇਗਾ
‘ਐਡਜਸਟਮੈਂਟ ਆਫ ਸਟੇਟਸ’ (AOS) ਹੁਣ ਆਮ ਸਹੂਲਤ ਨਹੀਂ, ‘ਖਾਸ ਰਾਹਤ’
ਪਹਿਲਾਂ ਅਮਰੀਕਾ ਵਿੱਚ ਸਟੂਡੈਂਟ, ਟੂਰਿਸਟ ਜਾਂ ਵਰਕ ਵੀਜ਼ਾ (H-1B) ‘ਤੇ ਆਏ ਲੋਕ ਅਮਰੀਕਾ ਦੇ ਅੰਦਰ ਰਹਿੰਦੇ ਹੋਏ ਹੀ ਆਪਣਾ ਵੀਜ਼ਾ ਸਟੇਟਸ ਬਦਲ ਕੇ ਗ੍ਰੀਨ ਕਾਰਡ ਲਈ ਅਪਲਾਈ ਕਰ ਦਿੰਦੇ ਸਨ। ਇਸ ਪ੍ਰਕਿਰਿਆ ਨੂੰ ‘Adjustment of Status’ (AOS) ਕਿਹਾ ਜਾਂਦਾ ਹੈ।
ਨਵਾਂ ਬਦਲਾਅ: USCIS ਨੇ ਹੁਣ ਇਸ ਪ੍ਰਕਿਰਿਆ ਨੂੰ ਇੱਕ “extraordinary form of relief” (ਅਸਧਾਰਨ ਰਾਹਤ) ਦਾ ਦਰਜਾ ਦਿੱਤਾ ਹੈ। ਇਸਦਾ ਮਤਲਬ ਇਹ ਹੈ ਕਿ ਹੁਣ ਅਮਰੀਕਾ ਦੇ ਅੰਦਰੋਂ ਗ੍ਰੀਨ ਕਾਰਡ ਅਪਲਾਈ ਕਰਨ ਦੀ ਇਜਾਜ਼ਤ ਸਿਰਫ਼ ਬਹੁਤ ਹੀ ਖਾਸ ਅਤੇ ਬੇਮਿਸਾਲ ਮਾਮਲਿਆਂ ਵਿੱਚ ਹੀ ਦਿੱਤੀ ਜਾਵੇਗੀ, ਆਮ ਤੌਰ ‘ਤੇ ਨਹੀਂ
ਕੌਣ-ਕੌਣ ਹੋਵੇਗਾ ਪ੍ਰਭਾਵਿਤ?
ਇਸ ਨਵੇਂ ਨਿਯਮ ਦਾ ਅਸਰ ਅਮਰੀਕਾ ਵਿੱਚ ਗੈਰ-ਪ੍ਰਵਾਸੀ (Non-immigrant) ਵੀਜ਼ਾ ‘ਤੇ ਰਹਿ ਰਹੇ ਹਰ ਉਸ ਵਿਅਕਤੀ ‘ਤੇ ਪਵੇਗਾ ਜੋ ਉੱਥੇ ਪੱਕੇ ਹੋਣ ਦੀ ਯੋਜਨਾ ਬਣਾ ਰਿਹਾ ਹੈ:
- ਅੰਤਰਰਾਸ਼ਟਰੀ ਵਿਦਿਆਰਥੀ (Students)
- ਘੁੰਮਣ ਗਏ ਸੈਲਾਨੀ (Tourists)
- ਅਸਥਾਈ ਕਾਮੇ (Temporary Workers/H-1B ਵੀਜ਼ਾ ਧਾਰਕ)
ਹੁਣ ਇਨ੍ਹਾਂ ਸਾਰੇ ਬਿਨੈਕਾਰਾਂ ਨੂੰ ਅਮਰੀਕਾ ਤੋਂ ਬਾਹਰ ਜਾ ਕੇ, ਆਪਣੇ ਦੇਸ਼ ਵਿੱਚ ਸਥਿਤ ਅਮਰੀਕੀ ਦੂਤਾਵਾਸ ਰਾਹੀਂ ਹੀ ਗ੍ਰੀਨ ਕਾਰਡ ਦੀ ਪ੍ਰਕਿਰਿਆ ਪੂਰੀ ਕਰਨੀ ਪਵੇਗੀ
USCIS ਨੇ ਕਿਉਂ ਲਿਆ ਇਹ ਸਖ਼ਤ ਫੈਸਲਾ?
USCIS ਦੇ ਬੁਲਾਰੇ ਜ਼ੈਕ ਕੈਹਲਰ (Zach Kahler) ਨੇ ਇਸ ਫੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਹ ਕਾਨੂੰਨ ਦੇ ਅਸਲ ਮਕਸਦ ਨੂੰ ਬਹਾਲ ਕਰਨ ਲਈ ਕੀਤਾ ਗਿਆ ਹੈ। ਉਨ੍ਹਾਂ ਮੁਤਾਬਕ:
ਗੈਰ-ਕਾਨੂੰਨੀ ਤੌਰ ‘ਤੇ ਰੁਕਣ ‘ਤੇ ਲਗਾਮ: ਕਈ ਵਾਰ ਲੋਕ ਗ੍ਰੀਨ ਕਾਰਡ ਰਿਜੈਕਟ (ਖਾਰਜ) ਹੋਣ ਤੋਂ ਬਾਅਦ ਵੀ ਅਮਰੀਕਾ ਵਿੱਚ ਹੀ ਲੁਕ ਕੇ ਰਹਿਣ ਲੱਗ ਜਾਂਦੇ ਹਨ। ਨਵੇਂ ਨਿਯਮ ਨਾਲ ਅਜਿਹੇ ਮਾਮਲਿਆਂ ਵਿੱਚ ਕਮੀ ਆਵੇਗੀ
ਲੂਪਹੋਲਸ (ਖਾਮੀਆਂ) ਦਾ ਖਾਤਮਾ: ਇਹ ਨੀਤੀ ਵੀਜ਼ਾ ਪ੍ਰਣਾਲੀ ਦੀਆਂ ਖਾਮੀਆਂ ਦਾ ਫਾਇਦਾ ਚੁੱਕਣ ਵਾਲਿਆਂ ਨੂੰ ਰੋਕੇਗੀ। ਟੈਂਪਰੇਰੀ ਵੀਜ਼ਾ ‘ਤੇ ਆਏ ਲੋਕਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣਾ ਸਮਾਂ ਪੂਰਾ ਹੋਣ ‘ਤੇ ਦੇਸ਼ ਵਾਪਸ ਜਾਣ
ਦਫ਼ਤਰੀ ਬੋਝ ਹੋਵੇਗਾ ਘੱਟ: ਇਸ ਬਦਲਾਅ ਨਾਲ USCIS ਦਾ ਕੰਮ ਹਲਕਾ ਹੋਵੇਗਾ ਅਤੇ ਏਜੰਸੀ ਆਪਣਾ ਧਿਆਨ ਦੂਜੇ ਜ਼ਰੂਰੀ ਮਾਮਲਿਆਂ, ਜਿਵੇਂ ਕਿ ਮਨੁੱਖੀ ਤਸਕਰੀ ਦੇ ਪੀੜਤਾਂ, ਗੰਭੀਰ ਅਪਰਾਧਾਂ ਦੇ ਸ਼ਿਕਾਰ ਲੋਕਾਂ ਦੇ ਵੀਜ਼ਾ ਅਤੇ ਨਾਗਰਿਕਤਾ ਦੇ ਕੇਸਾਂ ‘ਤੇ ਕੇਂਦਰਿਤ ਕਰ ਸਕੇਗੀ
ਬਿਨੈਕਾਰਾਂ ਲਈ ਅੱਗੇ ਕੀ?
ਹੁਣ ਇਮੀਗ੍ਰੇਸ਼ਨ ਅਧਿਕਾਰੀ ਹਰ ਕੇਸ ਦੀ ਬਾਰੀਕੀ ਨਾਲ ਜਾਂਚ ਕਰਨਗੇ। ਜੇਕਰ ਕੋਈ ਬਿਨੈਕਾਰ ਅਮਰੀਕਾ ਦੇ ਅੰਦਰੋਂ ਹੀ ਅਪਲਾਈ ਕਰਨਾ ਚਾਹੁੰਦਾ ਹੈ, ਤਾਂ ਉਸ ਨੂੰ ਬਹੁਤ ਮਜ਼ਬੂਤ ਸਬੂਤ ਦੇਣੇ ਪੈਣਗੇ ਕਿ ਉਸ ਨੂੰ ਇਹ ‘ਖਾਸ ਰਾਹਤ’ ਕਿਉਂ ਦਿੱਤੀ ਜਾਵੇ। ਅਜਿਹਾ ਨਾ ਹੋਣ ‘ਤੇ ਫਾਈਲ ਸਿੱਧੀ ਰਿਜੈਕਟ ਹੋ ਸਕਦੀ ਹੈ, ਜਿਸ ਕਾਰਨ ਇਮੀਗ੍ਰੇਸ਼ਨ ਮਾਹਿਰ ਹੁਣ ਫੂਕ-ਫੂਕ ਕੇ ਕਦਮ ਰੱਖਣ ਦੀ ਸਲਾਹ ਦੇ ਰਹੇ ਹਨ
