ਕੀ ਤੁਸੀਂ ਕਦੇ ਸੋਚਿਆ ਹੈ ਕਿ ਰਾਤ ਨੂੰ ਦੇਖੇ ਗਏ ਰੰਗੀਨ ਅਤੇ ਭਾਵਨਾਤਮਕ ਸੁਪਨੇ ਸਵੇਰੇ ਉੱਠਦੇ ਹੀ ਕਿੱਥੇ ਗਾਇਬ ਹੋ ਜਾਂਦੇ ਹਨ? ਵਿਗਿਆਨੀਆਂ ਲਈ ਇਹ ਹਮੇਸ਼ਾ ਖੋਜ ਦਾ ਵਿਸ਼ਾ ਰਿਹਾ ਹੈ। ਸੁਪਨੇ ਸਿਰਫ਼ ਕਲਪਨਾ ਨਹੀਂ, ਸਗੋਂ ਸਾਡੇ ਦਿਮਾਗ ਦੀ ਇੱਕ ਗੁੰਝਲਦਾਰ ਪ੍ਰਕਿਰਿਆ ਹਨ।
ਸੁਪਨੇ ਕਦੋਂ ਅਤੇ ਕਿਵੇਂ ਆਉਂਦੇ ਹਨ?
ਸੁਪਨਿਆਂ ਦਾ ਸਭ ਤੋਂ ਗਹਿਰਾ ਸਬੰਧ ਨੀਂਦ ਦੇ REM (Rapid Eye Movement) ਪੜਾਅ ਨਾਲ ਹੈ। ਇਸ ਦੌਰਾਨ ਸਾਡਾ ਦਿਮਾਗ ਲਗਭਗ ਓਨਾ ਹੀ ਸਰਗਰਮ ਹੁੰਦਾ ਹੈ ਜਿੰਨਾ ਜਾਗਦੇ ਸਮੇਂ। ਦਿਮਾਗ ਦਾ ਹਿਪੋਕੈਂਪਸ (ਯਾਦਾਂ ਦਾ ਕੇਂਦਰ) ਅਤੇ ਐਮੀਗਡਾਲਾ (ਭਾਵਨਾਵਾਂ ਦਾ ਕੇਂਦਰ) ਮਿਲ ਕੇ ਕੰਮ ਕਰਦੇ ਹਨ। ਐਮੀਗਡਾਲਾ ਦੇ ਸਰਗਰਮ ਹੋਣ ਕਾਰਨ ਹੀ ਸੁਪਨਿਆਂ ਵਿੱਚ ਡਰ, ਖੁਸ਼ੀ ਜਾਂ ਚਿੰਤਾ ਵਰਗੇ ਭਾਵ ਬਹੁਤ ਤੀਬਰ ਮਹਿਸੂਸ ਹੁੰਦੇ ਹਨ।
ਅਸੀਂ ਸੁਪਨੇ ਕਿਉਂ ਦੇਖਦੇ ਹਾਂ?
ਵਿਗਿਆਨਕ ਮਤ ਅਨੁਸਾਰ, ਸੁਪਨੇ ਦਿਮਾਗ ਦੀ ‘ਡਾਟਾ ਪ੍ਰੋਸੈਸਿੰਗ’ ਦਾ ਹਿੱਸਾ ਹਨ। ਦਿਮਾਗ ਦਿਨ ਭਰ ਦੀਆਂ ਖਿੰਡੀਆਂ ਹੋਈਆਂ ਯਾਦਾਂ, ਜਾਣਕਾਰੀਆਂ ਅਤੇ ਭਾਵਨਾਵਾਂ ਨੂੰ ਸੰਗਠਿਤ (Organize) ਕਰਨ ਲਈ ਉਹਨਾਂ ਨੂੰ ਕਹਾਣੀਆਂ ਦੇ ਰੂਪ ਵਿੱਚ ਦੁਬਾਰਾ ਚਲਾਉਂਦਾ ਹੈ।
ਯਾਦਦਾਸ਼ਤ ਵਿੱਚੋਂ ਕਿਉਂ ਮਿਟ ਜਾਂਦੇ ਹਨ ਸੁਪਨੇ?
ਬਹੁਤੇ ਸੁਪਨੇ ਜਾਗਣ ਦੇ 5 ਤੋਂ 10 ਮਿੰਟਾਂ ਦੇ ਅੰਦਰ ਹੀ ਧੁੰਦਲੇ ਹੋ ਜਾਂਦੇ ਹਨ। REM ਨੀਂਦ ਦੌਰਾਨ ‘ਨੋਰੇਪਾਈਨਫ੍ਰਾਈਨ‘ (Norepinephrine) ਨਾਮਕ ਰਸਾਇਣ ਦਾ ਪੱਧਰ ਡਿੱਗ ਜਾਂਦਾ ਹੈ। ਇਹ ਉਹ ਰਸਾਇਣ ਹੈ ਜੋ ਸਾਨੂੰ ਚੀਜ਼ਾਂ ਯਾਦ ਰੱਖਣ ਵਿੱਚ ਮੱਦਦ ਕਰਦਾ ਹੈ। ਇਸਦੀ ਕਮੀ ਕਾਰਨ ਦਿਮਾਗ ਸੁਪਨਿਆਂ ਨੂੰ ‘ਸੇਵ’ ਨਹੀਂ ਕਰ ਪਾਉਂਦਾ। ਨੀਂਦ ਦੌਰਾਨ ਯਾਦਾਂ ਬਣਾਉਣ ਵਾਲਾ ਹਿੱਸਾ (ਹਿਪੋਕੈਂਪਸ) ਪੂਰੀ ਸਮਰੱਥਾ ਨਾਲ ਕੰਮ ਨਹੀਂ ਕਰਦਾ, ਜਿਸ ਕਾਰਨ ਸੁਪਨੇ ਲੰਬੇ ਸਮੇਂ ਦੀ ਯਾਦਦਾਸ਼ਤ (Long-term memory) ਵਿੱਚ ਤਬਦੀਲ ਨਹੀਂ ਹੁੰਦੇ। ਅਸੀਂ ਸਿਰਫ਼ ਉਹੀ ਸੁਪਨੇ ਯਾਦ ਰੱਖ ਪਾਉਂਦੇ ਹਾਂ ਜਿਨ੍ਹਾਂ ਦੇ ਤੁਰੰਤ ਬਾਅਦ ਸਾਡੀ ਅੱਖ ਖੁੱਲ੍ਹ ਜਾਂਦੀ ਹੈ।
ਜੇਕਰ ਸੁਪਨਾ ਬਹੁਤ ਜ਼ਿਆਦਾ ਅਜੀਬ, ਡਰਾਉਣਾ ਜਾਂ ਨਿੱਜੀ ਤੌਰ ‘ਤੇ ਮਹੱਤਵਪੂਰਨ ਹੋਵੇ, ਤਾਂ ਦਿਮਾਗ ਉਸ ਨੂੰ ਕੁਝ ਹੱਦ ਤੱਕ ਯਾਦ ਰੱਖਣ ਵਿੱਚ ਸਫਲ ਹੋ ਜਾਂਦਾ ਹੈ।