ਤਿੰਨ ਵਾਰ ਅਕਾਲੀ ਵਿਧਾਇਕ ਰਹੇ ਰਣਜੀਤ ਸਿੰਘ ਛੱਜਲਵੱਡੀ ‘ਆਪ’ ’ਚ ਸ਼ਾਮਲ

ਚੰਡੀਗੜ੍ਹ : ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਸਿਆਸੀ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ। ਇਸੇ ਦੌਰਾਨ ਹਲਕਾ ਬਾਬਾ ਬਕਾਲਾ ਵਿੱਚ ਪਾਰਟੀ ਨੂੰ ਉਸ ਸਮੇਂ ਹੋਰ ਮਜ਼ਬੂਤੀ ਮਿਲੀ, ਜਦੋਂ ਤਿੰਨ ਵਾਰ ਅਕਾਲੀ ਦਲ ਦੇ ਵਿਧਾਇਕ ਰਹੇ ਰਣਜੀਤ ਸਿੰਘ ਛੱਜਲਵੱਡੀ ਆਪਣੇ ਪੁੱਤਰ ਸਤਿੰਦਰਜੀਤ ਸਿੰਘ ਛੱਜਲਵੱਡੀ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ

ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਬੀਰ ਸਿੰਘ ਘੁੰਮਣ ਦੀ ਮੌਜੂਦਗੀ ਵਿੱਚ ਛੱਜਲਵੱਡੀ ਪਰਿਵਾਰ ਨੇ ‘ਆਪ’ ਦਾ ਪੱਲਾ ਫੜਿਆ। ਇਸ ਸਿਆਸੀ ਸ਼ਮੂਲੀਅਤ ਨੂੰ ਹਲਕਾ ਬਾਬਾ ਬਕਾਲਾ ਵਿੱਚ ਪਾਰਟੀ ਦੇ ਸੰਗਠਨ ਲਈ ਅਹਿਮ ਘਟਨਾਕ੍ਰਮ ਵਜੋਂ ਦੇਖਿਆ ਜਾ ਰਿਹਾ ਹੈ

ਸਤਿੰਦਰਜੀਤ ਸਿੰਘ ਛੱਜਲਵੱਡੀ ਅਕਾਲੀ ਦਲ ਪੁਨਰ ਸੁਰਜਿਤ ਦੇ ਮੌਜੂਦਾ ਹਲਕਾ ਇੰਚਾਰਜ ਰਹੇ ਹਨ। ਇਸ ਤੋਂ ਇਲਾਵਾ ਉਹ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਜੰਡਿਆਲਾ ਗੁਰੂ ਹਲਕੇ ਤੋਂ ਚੋਣ ਵੀ ਲੜ ਚੁੱਕੇ ਹਨ

ਛੱਜਲਵੱਡੀ ਪਰਿਵਾਰ ਲੰਬੇ ਸਮੇਂ ਤੋਂ ਹਲਕਾ ਬਾਬਾ ਬਕਾਲਾ ਦੀ ਸਿਆਸਤ ਵਿੱਚ ਸਰਗਰਮ ਰਿਹਾ ਹੈ ਅਤੇ ਪਰਿਵਾਰ ਵੱਲੋਂ ਇਲਾਕੇ ਦੇ ਲੋਕਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਣ ਦਾ ਦਾਅਵਾ ਕੀਤਾ ਜਾਂਦਾ ਰਿਹਾ ਹੈ। ਅਜਿਹੇ ਵਿੱਚ ਪਰਿਵਾਰ ਦੇ ‘ਆਪ’ ਵਿੱਚ ਸ਼ਾਮਲ ਹੋਣ ਨਾਲ ਹਲਕੇ ਦੀ ਸਿਆਸਤ ਵਿੱਚ ਨਵੀਂ ਹਲਚਲ ਪੈਦਾ ਹੋਈ ਹੈ।

2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੱਲੋਂ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਆਗੂਆਂ ਤੇ ਵਰਕਰਾਂ ਨੂੰ ਆਪਣੇ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਬਾਬਾ ਬਕਾਲਾ ਵਿੱਚ ਛੱਜਲਵੱਡੀ ਪਰਿਵਾਰ ਦੀ ਇਹ ਸ਼ਮੂਲੀਅਤ ਵੀ ਇਸੇ ਸਿਆਸੀ ਸਰਗਰਮੀ ਦੀ ਇੱਕ ਕੜੀ ਮੰਨੀ ਜਾ ਰਹੀ ਹੈ