ਨਵਾਂਸ਼ਹਿਰ : ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ 2026-27 ਸੀਜਨ-4 ਰਾਜ ਪੱਧਰੀ ਖੇਡਾਂ ਕ੍ਰਿਕਟ ਜੋ ਕਿ ਜਿਲ੍ਹਾ ਬਰਨਾਲਾ ਵਿਖੇ ਕਰਵਾਈਆਂ ਗਈਆ। ਇਹਨਾਂ ਕ੍ਰਿਕਟ ਦੇ ਮੁਕਾਬਲਿਆਂ ਵਿੱਚ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਲੜਕੀਆਂ (ਅੰਡਰ 14 ਸਾਲ ਤੋਂ ਉੱਪਰ) ਨੇ ਜਿਲ੍ਹਾ ਪਟਿਆਲਾ ਨੂੰ ਹਰਾ ਕੇ ਗੋਲਡ ਮੈਡਲ ਪ੍ਰਾਪਤ ਕੀਤਾ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਸ੍ਰੀਮਤੀ ਵੰਦਨਾ ਚੌਹਾਨ ਜਿਲ੍ਹਾ ਖੇਡ ਅਫਸਰ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਇਹਨਾਂ ਰਾਜ ਪੱਧਰੀ ਖੇਡਾਂ ਵਿੱਚ ਨਵਾਂਸ਼ਹਿਰ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਭਾਗ ਲਿਆ। ਉਹਨਾਂ ਦੱਸਿਆ ਕਿ ਕ੍ਰਿਕਟ ਦੇ ਮੁਕਾਬਲਿਆਂ ਵਿੱਚ ਗੋਲਡ ਮੈਡਲ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਵਧਾਈ ਦੀਆਂ ਪਾਤਰ ਹਨ। ਉਹਨਾਂ ਵਿਸ਼ੇਸ਼ ਤੌਰ ਤੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦਾ ਧੰਨਵਾਦ ਕੀਤਾ ਜੋ ਕਿ ਕ੍ਰਿਕਟ ਐਸੋਸੀਏਸ਼ਨ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਹਨ ਅਤੇ ਸ਼੍ਰੀ ਪਰਵੀਨ ਸਰੀਨ ਜੋ ਕਿ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਹਨ ਦਾ ਵੀ ਧੰਨਵਾਦ ਕੀਤਾ। ਉਹਨਾਂ ਅਗੇ ਦੱਸਿਆ ਕਿ ਇਹਨਾਂ ਰਾਜ ਪੱਧਰੀ ਖੇਡਾਂ ਦੇ ਮੁਕਾਬਲਿਆਂ ਵਿੱਚ ਹੋਰ ਵੀ ਵੱਖ-ਵੱਖ ਗੇਮ ਦੇ ਖਿਡਾਰੀਆਂ ਜਿਵੇਂ ਵੁਸ਼, ਕੁਸ਼ਤੀ, ਪਾਵਰ ਲਿਫਟਿੰਗ, ਵੇਟ ਲਿਫਟਿੰਗ ਦੇ ਮੁਕਾਬਲਿਆਂ ਵਿੱਚ ਵੱਖ-ਵੱਖ ਸਥਾਨ ਹਾਸਲ ਕਰਕੇ ਮੈਡਲ ਪ੍ਰਾਪਤ ਕੀਤੇ ਗਏ। ਫੁੱਟਬਾਲ ਦੀ ਲੜਕਿਆਂ (ਅੰਡਰ 31-40) ਦੀ ਟੀਮ ਵਲੋਂ ਸਿਲਵਰ ਮੈਡਲ ਪ੍ਰਾਪਤ ਕੀਤਾ ਗਿਆ। ਇਹਨਾਂ ਖੇਡਾਂ ਵਿੱਚ ਭਾਗ ਲੈਣ ਵਾਲੇ ਸਾਰੇ ਖਿਡਾਰੀ/ਖਿਡਾਰਨਾ ਵਧਾਈ ਦੇ ਪਾਤਰ ਹਨ
