ਜਲੰਧਰ ਦੇ ਟ੍ਰਿਨਿਟੀ ਕਾਲਜ ਵਿੱਚ ਐਕਸਾਈਜ਼ ਇੰਸਪੈਕਟਰ ਦੀ ਭਰਤੀ ਪ੍ਰੀਖਿਆ ਦੌਰਾਨ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਦੇਰ ਨਾਲ ਪਹੁੰਚਣ ਦਾ ਹਵਾਲਾ ਦੇ ਕੇ ਕਈ ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰ ਦੇ ਅੰਦਰ ਜਾਣ ਤੋਂ ਮਨ੍ਹਾ ਕਰ ਦਿੱਤਾ ਗਿਆ। ਇਸ ਕਾਰਨ ਗੁੱਸੇ ਵਿੱਚ ਆਏ ਵਿਦਿਆਰਥੀਆਂ ਨੇ ਕਾਲਜ ਪ੍ਰਬੰਧਕਾਂ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਅਤੇ ਵਿਰੋਧ ਪ੍ਰਦਰਸ਼ਨ ਕੀਤਾ। ਦੱਸ ਦੇਈਏ ਕਿ ਇਹ ਪ੍ਰੀਖਿਆ ਜ਼ਿਲ੍ਹੇ ਦੇ ਵੱਖ-ਵੱਖ ਸੈਂਟਰਾਂ ਵਿੱਚ ਕਰਵਾਈ ਜਾ ਰਹੀ ਹੈ।
ਸਮੇਂ ਨੂੰ ਲੈ ਕੇ ਹੋਈ ਗਲਤਫ਼ਹਿਮੀ
ਪ੍ਰੀਖਿਆ ਦੇਣ ਆਏ ਪੀੜਤ ਉਮੀਦਵਾਰਾਂ ਨੇ ਦੱਸਿਆ ਕਿ ਉਹ ਸਵੇਰੇ ਲਗਭਗ 9:30 ਵਜੇ ਹੀ ਕਾਲਜ ਪਹੁੰਚ ਗਏ ਸਨ। ਜਦੋਂ ਉਨ੍ਹਾਂ ਨੇ ਉੱਥੇ ਮੌਜੂਦ ਸੁਰੱਖਿਆ ਗਾਰਡਾਂ ਤੋਂ ਐਂਟਰੀ (ਦਾਖਲੇ) ਦੇ ਆਖਰੀ ਸਮੇਂ ਬਾਰੇ ਪੁੱਛਿਆ, ਤਾਂ ਗਾਰਡਾਂ ਨੇ ਉਨ੍ਹਾਂ ਨੂੰ ਕਿਹਾ ਕਿ ਅਜੇ ਕਾਫੀ ਸਮਾਂ ਹੈ ਅਤੇ ਉਹ 11 ਵਜੇ ਤੋਂ ਪੰਜ ਮਿੰਟ ਪਹਿਲਾਂ ਤੱਕ ਆ ਸਕਦੇ ਹਨ।
10:25 ਵਜੇ ਹੀ ਬੰਦ ਕਰ ਦਿੱਤਾ ਗੇਟ
ਜਦੋਂ ਵਿਦਿਆਰਥੀ ਸਵੇਰੇ 10:25 ਵਜੇ ਵਾਪਸ ਕੇਂਦਰ ‘ਤੇ ਪਹੁੰਚੇ, ਤਾਂ ਗਾਰਡਾਂ ਨੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਅਤੇ ਦਾਅਵਾ ਕੀਤਾ ਕਿ ਐਂਟਰੀ ਦਾ ਸਮਾਂ ਖ਼ਤਮ ਹੋ ਚੁੱਕਾ ਹੈ। ਇਸ ਅਚਾਨਕ ਹੋਈ ਕਾਰਵਾਈ ਕਾਰਨ ਲਗਭਗ 36 ਉਮੀਦਵਾਰ ਗੇਟ ਦੇ ਬਾਹਰ ਹੀ ਫਸੇ ਰਹਿ ਗਏ।
ਵਿਦਿਆਰਥੀਆਂ ਦਾ ਭਵਿੱਖ ਦਾਅ ’ਤੇ
ਪ੍ਰਦਰਸ਼ਨ ਕਰ ਰਹੇ ਉਮੀਦਵਾਰਾਂ ਨੇ ਦੋਸ਼ ਲਗਾਇਆ ਕਿ ਕਈ ਬੱਚੇ ਬਹੁਤ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਪੇਪਰ ਦੇਣ ਆਏ ਸਨ ਅਤੇ ਸਮੇਂ ਤੋਂ ਪਹਿਲਾਂ ਐਂਟਰੀ ਬੰਦ ਕਰਨਾ ਧੱਕੇਸ਼ਾਹੀ ਹੈ। ਵਿਦਿਆਰਥੀਆਂ ਨੇ ਕਾਲਜ ਦੇ ਸਟਾਫ਼ ਨਾਲ ਗੱਲਬਾਤ ਕਰਕੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਕਿਸੇ ਨੇ ਉਨ੍ਹਾਂ ਦੀ ਇੱਕ ਨਾ ਸੁਣੀ। ਉਮੀਦਵਾਰਾਂ ਦਾ ਕਹਿਣਾ ਹੈ ਕਿ ਪ੍ਰਬੰਧਕਾਂ ਦੇ ਇਸ ਅੜੀਅਲ ਰਵੱਈਏ ਕਾਰਨ ਉਨ੍ਹਾਂ ਦੀ ਪੂਰੇ ਸਾਲ ਦੀ ਮਿਹਨਤ ਅਤੇ ਭਵਿੱਖ ਬਰਬਾਦ ਹੋ ਗਿਆ ਹੈ।
