ਲੁਧਿਆਣਾ ਵਾਸੀਆਂ ਲਈ ਖੁਸ਼ਖਬਰੀ ਹੈ ਕਿ ਹਲਵਾਰਾ ਹਵਾਈ ਅੱਡੇ ਤੋਂ ਹਵਾਈ ਸੇਵਾਵਾਂ ਜਲਦੀ ਹੀ ਸ਼ੁਰੂ ਹੋਣ ਜਾ ਰਹੀਆਂ ਹਨ। ਏਅਰ ਇੰਡੀਆ ਨੇ ਇਸ ਰੂਟ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਹੈ, ਜਿਸ ਅਨੁਸਾਰ ਪਹਿਲੀ ਉਡਾਣ 15 ਮਈ ਨੂੰ ਉਡਾਣ ਭਰੇਗੀ। ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਹੁਣ ਯਾਤਰੀ ਦਿੱਲੀ ਅਤੇ ਲੁਧਿਆਣਾ ਵਿਚਕਾਰ ਸਿੱਧਾ ਹਵਾਈ ਸਫ਼ਰ ਕਰ ਸਕਣਗੇ।
ਫਲਾਈਟ ਦਾ ਸਮਾਂ ਅਤੇ ਵੇਰਵੇ
ਹਲਵਾਰਾ ਅਤੇ ਦਿੱਲੀ ਵਿਚਕਾਰ ਸਫ਼ਰ ਦਾ ਸਮਾਂ ਲਗਭਗ 1 ਘੰਟਾ 10 ਮਿੰਟ ਹੋਵੇਗਾ। ਰੋਜ਼ਾਨਾ ਦੋ ਫਲਾਈਟਾਂ ਲੈਂਡ ਕਰਨਗੀਆਂ ਅਤੇ ਦੋ ਹੀ ਰਵਾਨਾ ਹੋਣਗੀਆਂ:
- ਦਿੱਲੀ ਤੋਂ ਹਲਵਾਰਾ: ਪਹਿਲੀ ਫਲਾਈਟ ਸਵੇਰੇ 5:55 ਵਜੇ ਚੱਲ ਕੇ 7:05 ਵਜੇ ਪਹੁੰਚੇਗੀ। ਦੂਜੀ ਫਲਾਈਟ ਦੁਪਹਿਰ 12:55 ਵਜੇ ਰਵਾਨਾ ਹੋਵੇਗੀ।
- ਹਲਵਾਰਾ ਤੋਂ ਦਿੱਲੀ: ਪਹਿਲੀ ਫਲਾਈਟ ਸਵੇਰੇ 7:55 ਵਜੇ ਰਵਾਨਾ ਹੋ ਕੇ 9:10 ਵਜੇ ਦਿੱਲੀ ਪਹੁੰਚੇਗੀ। ਦੂਜੀ ਫਲਾਈਟ ਦੁਪਹਿਰ 2:40 ਵਜੇ ਉਡਾਣ ਭਰੇਗੀ ਅਤੇ 3:55 ਵਜੇ ਦਿੱਲੀ ਉਤਰੇਗੀ।
ਕਿਰਾਇਆ ਅਤੇ ਬੁਕਿੰਗ
ਫਿਲਹਾਲ ਕੰਪਨੀ ਨੇ ਸਿਰਫ਼ ਇਕਾਨਮੀ ਕਲਾਸ ਲਈ ਬੁਕਿੰਗ ਖੋਲ੍ਹੀ ਹੈ। ਸ਼ੁਰੂਆਤੀ ਕਿਰਾਇਆ 3,512 ਰੁਪਏ ਰੱਖਿਆ ਗਿਆ ਹੈ, ਹਾਲਾਂਕਿ ਸੀਟਾਂ ਦੀ ਮੰਗ ਅਤੇ ਸਮੇਂ ਅਨੁਸਾਰ ਇਸ ਵਿੱਚ ਬਦਲਾਅ ਹੋ ਸਕਦਾ ਹੈ। ਆਉਣ ਵਾਲੇ ਸਮੇਂ ਵਿੱਚ ਯਾਤਰੀਆਂ ਦੀ ਗਿਣਤੀ ਅਤੇ ਜ਼ਰੂਰਤ ਨੂੰ ਦੇਖਦੇ ਹੋਏ ਫਲਾਈਟਾਂ ਦੀ ਗਿਣਤੀ ਵਧਾਈ ਜਾ ਸਕਦੀ ਹੈ।
