ਜਿੱਥੇ ਇੱਕ ਪਾਸੇ ਅਮਰੀਕਾ ਅਤੇ ਈਰਾਨ ਵਿਚਲੇ ਵਧਦੇ ਤਣਾਅ ਕਾਰਨ ਪੂਰੀ ਦੁਨੀਆ ਵਿੱਚ ਤੇਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ, ਉੱਥੇ ਹੀ ਉੱਤਰੀ ਅਫਰੀਕਾ ਦਾ ਦੇਸ਼ ਲੀਬੀਆ ਇਸ ਮਾਮਲੇ ਵਿੱਚ ਦੁਨੀਆ ਲਈ ਇੱਕ ਮਿਸਾਲ ਬਣਿਆ ਹੋਇਆ ਹੈ। ਅੱਜ, 2 ਅਪ੍ਰੈਲ ਨੂੰ ਵੀ ਲੀਬੀਆ ਵਿੱਚ ਪੈਟਰੋਲ ਦੀ ਕੀਮਤ ਸਿਰਫ਼ 2 ਰੁਪਏ 14 ਪੈਸੇ ਪ੍ਰਤੀ ਲੀਟਰ ਦੇ ਕਰੀਬ ਹੈ। ਇਸ ਦਾ ਮਤਲਬ ਇਹ ਹੈ ਕਿ ਜਿੰਨੇ ਪੈਸੇ ਵਿੱਚ ਭਾਰਤ ਵਿੱਚ ਅੱਧਾ ਲੀਟਰ ਪੈਟਰੋਲ ਵੀ ਨਹੀਂ ਆਉਂਦਾ, ਉੱਥੇ ਓਨੇ ਪੈਸਿਆਂ ਵਿੱਚ ਤੁਸੀਂ ਆਪਣੀ ਕਾਰ ਦੀ ਟੈਂਕੀ ਫੁੱਲ ਕਰਵਾ ਸਕਦੇ ਹੋ।
ਏਨੀ ਘੱਟ ਕੀਮਤ ਦਾ ਕੀ ਹੈ ਕਾਰਨ?
ਲੀਬੀਆ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਕੱਚੇ ਤੇਲ ਦੇ ਵਿਸ਼ਾਲ ਭੰਡਾਰ ਹਨ। ਇੰਨਾ ਸਸਤਾ ਤੇਲ ਹੋਣ ਦੇ ਕੁੱਝ ਮੁੱਖ ਕਾਰਨ ਹਨ। ਲੀਬੀਆ ਦੀ ਸਰਕਾਰ ਆਪਣੇ ਨਾਗਰਿਕਾਂ ਨੂੰ ਬਹੁਤ ਜ਼ਿਆਦਾ ਸਬਸਿਡੀ ਦਿੰਦੀ ਹੈ ਤਾਂ ਜੋ ਵਿਸ਼ਵ ਪੱਧਰ ‘ਤੇ ਤੇਲ ਦੀਆਂ ਕੀਮਤਾਂ ਵਧਣ ਦਾ ਅਸਰ ਆਮ ਲੋਕਾਂ ‘ਤੇ ਨਾ ਪਵੇ। ਦੇਸ਼ ਵਿੱਚ ਤੇਲ ਦਾ ਉਤਪਾਦਨ ਇੰਨਾ ਜ਼ਿਆਦਾ ਹੈ ਕਿ ਇਹ ਆਪਣੀ ਘਰੇਲੂ ਲੋੜ ਨੂੰ ਬਹੁਤ ਆਸਾਨੀ ਨਾਲ ਪੂਰਾ ਕਰ ਲੈਂਦਾ ਹੈ। ਭਾਵੇਂ ਲੀਬੀਆ ਨੇ ਸਾਲਾਂ ਤੋਂ ਰਾਜਨੀਤਿਕ ਉਥਲ-ਪੁਥਲ ਅਤੇ ਘਰੇਲੂ ਯੁੱਧ ਦੇਖਿਆ ਹੈ, ਪਰ ਸਰਕਾਰ ਨੇ ਬਾਲਣ ਦੀਆਂ ਕੀਮਤਾਂ ਨੂੰ ਹਮੇਸ਼ਾ ਸਥਿਰ ਰੱਖਿਆ ਹੈ ਤਾਂ ਜੋ ਜਨਤਾ ਦਾ ਸਮਰਥਨ ਬਣਿਆ ਰਹੇ।
ਦੂਜੇ ਦੇਸ਼ਾਂ ਨਾਲ ਤੁਲਨਾ
ਲੀਬੀਆ ਇਸ ਸਮੇਂ ਦੁਨੀਆ ਵਿੱਚ ਸਭ ਤੋਂ ਸਸਤਾ ਪੈਟਰੋਲ ਵੇਚਣ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਪਹਿਲੇ ਨੰਬਰ ‘ਤੇ ਹੈ। ਭਾਵੇਂ ਈਰਾਨ ਅਤੇ ਵੈਨੇਜ਼ੁਏਲਾ ਵਿੱਚ ਵੀ ਤੇਲ ਦੀਆਂ ਕੀਮਤਾਂ ਕਾਫ਼ੀ ਘੱਟ (ਲਗਭਗ 2.5 ਤੋਂ 3 ਰੁਪਏ) ਹਨ, ਪਰ ਲੀਬੀਆ ਨੇ ਸਭ ਨੂੰ ਪਿੱਛੇ ਛੱਡ ਦਿੱਤਾ ਹੈ।
ਭਾਰਤ ਵਰਗੇ ਦੇਸ਼ਾਂ ਲਈ, ਜਿੱਥੇ ਪੈਟਰੋਲ ਦੀ ਕੀਮਤ 95-100 ਰੁਪਏ ਪ੍ਰਤੀ ਲੀਟਰ ਹੈ, ਉੱਥੇ ਲੀਬੀਆ ਦੀਆਂ ਇਹ ਕੀਮਤਾਂ ਕਿਸੇ ਸੁਪਨੇ ਤੋਂ ਘੱਟ ਨਹੀਂ ਜਾਪਦੀਆਂ। ਉੱਥੇ ਸਿਰਫ਼ 100-110 ਰੁਪਏ ਵਿੱਚ ਇੱਕ ਪੂਰੀ ਕਾਰ (50 ਲੀਟਰ) ਦੀ ਟੈਂਕੀ ਭਰੀ ਜਾ ਸਕਦੀ ਹੈ।
