ਹਰੀਕੇ ਪੱਤਣ ਵਿੱਚ ਨੌਜਵਾਨਾਂ ਦੇ ਝਗੜੇ ਦੌਰਾਨ 17 ਸਾਲਾਂ ਲੜਕੇ ਦੀ ਮੌਤ, ਛੋਟਾ ਭਰਾ ਜ਼ਖ਼ਮੀ

ਤਰਨਤਾਰਨ ਦੇ ਹਰੀਕੇ ਪੱਤਣ ਵਿੱਚ ਸ਼ਨੀਵਾਰ ਰਾਤ ਕਰੀਬ 9 ਵਜੇ ਨੌਜਵਾਨਾਂ ਵਿਚਕਾਰ ਹੋਏ ਝਗੜੇ ਨੇ ਗੰਭੀਰ ਰੂਪ ਧਾਰ ਲਿਆ। ਝਗੜੇ ਦੌਰਾਨ 17 ਸਾਲ ਦੇ ਇੱਕ ਨਾਬਾਲਗ ਲੜਕੇ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਹਮਲੇ ਵਿੱਚ ਉਸ ਦਾ ਛੋਟਾ ਭਰਾ ਵੀ ਜ਼ਖ਼ਮੀ ਹੋ ਗਿਆ।

ਤਕਰਾਰ ਤੋਂ ਬਾਅਦ ਹੋਇਆ ਹਮਲਾ

ਮਿਲੀ ਜਾਣਕਾਰੀ ਮੁਤਾਬਕ, ਹਰੀਕੇ ਪੱਤਣ ਦੇ ਪੱਟੀ ਰੋਡ ‘ਤੇ ਕੁਝ ਨੌਜਵਾਨਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਦੇਖਦੇ ਹੀ ਦੇਖਦੇ ਮਾਮਲਾ ਵੱਧ ਗਿਆ ਅਤੇ ਕੁਝ ਨੌਜਵਾਨਾਂ ਨੇ ਦੋ ਭਰਾਵਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਦੋਵੇਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਹਸਪਤਾਲ ਵਿੱਚ ਵੱਡੇ ਭਰਾ ਦੀ ਮੌਤ

ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਇਲਾਜ ਦੌਰਾਨ ਡਾਕਟਰਾਂ ਨੇ 17 ਸਾਲਾ ਵੱਡੇ ਭਰਾ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ, ਜਦਕਿ ਛੋਟੇ ਭਰਾ ਦਾ ਇਲਾਜ ਜਾਰੀ ਹੈ।

ਪੁਲਿਸ ਨੇ ਸ਼ੁਰੂ ਕੀਤੀ ਜਾਂਚ

ਹਰੀਕੇ ਦੇ ਐਸ.ਐਚ.ਓ. ਬਲਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲੇ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।