ਲੁਧਿਆਣਾ : ਪੰਜਾਬ ਸਟੇਟ ਕੋਆਪਰੇਟਿਵ ਮਿਲਕ ਪ੍ਰੋਡਿਊਸਰਜ਼ ਫੈਡਰੇਸ਼ਨ (Milkfed) ਨੇ ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਵਿੱਚ ਵੱਡੀ ਕਾਰਵਾਈ ਕਰਦਿਆਂ ਜਨਰਲ ਮੈਨੇਜਰ ਸਮੇਤ ਤਿੰਨ ਉੱਚ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਇਹ ਕਾਰਵਾਈ ਭਾਰਤੀ ਫੌਜ (Indian Army) ਵੱਲੋਂ ਵੇਰਕਾ ਦੁਆਰਾ ਭੇਜੀ ਗਈ ਦੁੱਧ ਦੇ ਪਾਊਡਰ ਦੀ ਇੱਕ ਵੱਡੀ ਖੇਪ ਨੂੰ ਗੁਣਵੱਤਾ ਦੇ ਮਿਆਰਾਂ ‘ਤੇ ਖਰਾ ਨਾ ਉਤਰਨ ਕਾਰਨ ਰੱਦ ਕੀਤੇ ਜਾਣ ਤੋਂ ਬਾਅਦ ਕੀਤੀ ਗਈ ਹੈ
ਕੌਣ-ਕੌਣ ਹੋਏ ਮੁਅੱਤਲ?
ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਗੁਪਤਾ ਵੱਲੋਂ ਜਾਰੀ ਹੁਕਮਾਂ ਅਨੁਸਾਰ ਹੇਠ ਲਿਖੇ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ:
ਦਲਜੀਤ ਸਿੰਘ – ਜਨਰਲ ਮੈਨੇਜਰ (GM)
ਗੁਰਇਕਬਾਲ ਸਿੰਘ – ਮੈਨੇਜਰ (ਕੁਆਲਿਟੀ)
ਪਰਿਤੋਸ਼ ਮਿਸ਼ਰਾ – ਮੈਨੇਜਰ (ਪ੍ਰੋਡਕਸ਼ਨ)
ਕੀ ਸੀ ਪੂਰਾ ਮਾਮਲਾ?
ਜਾਣਕਾਰੀ ਅਨੁਸਾਰ, ਵੇਰਕਾ ਵੱਲੋਂ ਭਾਰਤੀ ਫੌਜ ਨੂੰ ਸਪਲਾਈ ਕੀਤੇ ਗਏ ‘ਹੋਲ ਮਿਲਕ ਪਾਊਡਰ’ (Whole Milk Powder) ਦੇ ਦੋ ਬੈਚਾਂ (ਲਗਭਗ 58.338 ਮੀਟ੍ਰਿਕ ਟਨ ਅਤੇ 66.654 ਮੀਟ੍ਰਿਕ ਟਨ) ਵਿੱਚ ਕਮੀਆਂ ਪਾਈਆਂ ਗਈਆਂ ਸਨ। ਫੌਜ ਦੀਆਂ ਅਥਾਰਟੀਆਂ ਨੇ ਨਮੂਨਿਆਂ ਦੀ ਜਾਂਚ ਤੋਂ ਬਾਅਦ ਦੱਸਿਆ ਕਿ ਇਸ ਵਿੱਚ ਬਾਹਰੀ ਅਣਚਾਹੇ ਤੱਤ ਮੌਜੂਦ ਸਨ, ਜੋ ਨਿਰਧਾਰਿਤ ਮਿਆਰਾਂ ਦੇ ਮੁਤਾਬਕ ਨਹੀਂ ਸਨ
ਅਦਾਰੇ ਦੀ ਸਾਖ ‘ਤੇ ਲੱਗਾ ਦਾਗ
ਮਿਲਕਫੈੱਡ ਨੇ ਆਪਣੇ ਹੁਕਮਾਂ ਵਿੱਚ ਇਸ ਲਾਪਰਵਾਹੀ ਨੂੰ ਬਹੁਤ ਗੰਭੀਰ ਮੰਨਿਆ ਹੈ। ਆਰਡਰ ਵਿੱਚ ਕਿਹਾ ਗਿਆ ਹੈ ਕਿ ਇਸ ਘਟਨਾ ਨੇ ਸੰਸਥਾ ਦੀ ਭਰੋਸੇਯੋਗਤਾ ਨੂੰ ਠੇਸ ਪਹੁੰਚਾਈ ਹੈ। ਅਧਿਕਾਰੀਆਂ ‘ਤੇ ਡਿਊਟੀ ਵਿੱਚ ਕੋਤਾਹੀ ਅਤੇ ਸੰਸਥਾ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲਗਾਏ ਗਏ ਹਨ।
ਮਿਲਕਫੈੱਡ ਦੇ ਹੁਕਮਾਂ ਦਾ ਅੰਸ਼:
“ਫੌਜ ਵੱਲੋਂ ਖੇਪ ਰੱਦ ਕਰਨਾ ਸੇਵਾ ਨਿਯਮਾਂ ਦੀ ਉਲੰਘਣਾ ਅਤੇ ਵੱਡੀ ਗਲਤੀ ਹੈ। ਜਦੋਂ ਤੱਕ ਅਨੁਸ਼ਾਸਨੀ ਜਾਂਚ ਪੂਰੀ ਨਹੀਂ ਹੁੰਦੀ, ਇਹ ਤਿੰਨੇ ਅਧਿਕਾਰੀ ਮੁਅੱਤਲ ਰਹਿਣਗੇ ਅਤੇ ਇਨ੍ਹਾਂ ਦਾ ਹੈੱਡਕੁਆਰਟਰ ਚੰਡੀਗੜ੍ਹ ਵਿਖੇ ਤੈਅ ਕੀਤਾ ਗਿਆ ਹੈ।”
ਵੇਰਕਾ, ਜੋ ਪੰਜਾਬ ਦਾ ਇੱਕ ਭਰੋਸੇਯੋਗ ਬ੍ਰਾਂਡ ਹੈ, ਵੱਲੋਂ ਫੌਜ ਵਰਗੇ ਮਹੱਤਵਪੂਰਨ ਅਦਾਰੇ ਨੂੰ ਭੇਜੇ ਗਏ ਸਾਮਾਨ ਵਿੱਚ ਅਜਿਹੀ ਲਾਪਰਵਾਹੀ ਸਾਹਮਣੇ ਆਉਣ ਨਾਲ ਮੈਨੇਜਮੈਂਟ ਕਾਫੀ ਸਖ਼ਤ ਨਜ਼ਰ ਆ ਰਹੀ ਹੈ। ਮੁਅੱਤਲੀ ਦੌਰਾਨ ਇਨ੍ਹਾਂ ਅਧਿਕਾਰੀਆਂ ਨੂੰ ਨਿਯਮਾਂ ਅਨੁਸਾਰ ਸਿਰਫ਼ ਗੁਜ਼ਾਰਾ ਭੱਤਾ ਹੀ ਮਿਲੇਗਾ
