ਪੰਜਾਬ ‘ਚ ਕੱਲ੍ਹ ਸਫ਼ਾਈ ਸੇਵਕਾਂ ਵੱਲੋਂ ਸੂਬਾ ਪੱਧਰੀ ਬੰਦ ਦਾ ਐਲਾਨ, ਸਕੂਲ-ਕਾਲਜ ਖੁੱਲ੍ਹਣ ਬਾਰੇ ਪੜ੍ਹੋ ਵੱਡੀ ਅਪਡੇਟ

ਪੰਜਾਬ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਫ਼ਾਈ ਸੇਵਕਾਂ ਨੇ 30 ਜੁਲਾਈ ਨੂੰ ਸੂਬਾ ਪੱਧਰੀ ‘ਪੰਜਾਬ ਬੰਦ’ ਦਾ ਵੱਡਾ ਐਲਾਨ ਕਰ ਦਿੱਤਾ ਹੈ। ਪੰਜਾਬ ਸਟੇਟ ਸਫ਼ਾਈ ਕਰਮਚਾਰੀ ਯੂਨੀਅਨ ਨੇ ਇਸ ਬੰਦ ਨੂੰ ਪੂਰੀ ਤਰ੍ਹਾਂ ਸਫਲ ਬਣਾਉਣ ਲਈ ਮੁਹਿੰਮ ਵਿੱਢ ਦਿੱਤੀ ਹੈ। ਯੂਨੀਅਨ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਸੂਬੇ ਦੀਆਂ 167 ਵਿੱਚੋਂ ਬਹੁਗਿਣਤੀ ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚ ਕੂੜਾ ਚੁੱਕਣ ਅਤੇ ਸਫ਼ਾਈ ਪ੍ਰਬੰਧਨ ਦਾ ਕੰਮ ਪਹਿਲਾਂ ਹੀ ਪੂਰੀ ਤਰ੍ਹਾਂ ਠੱਪ ਹੋ ਚੁੱਕਾ ਹੈ।

ਸਮਾਜ ਦੇ ਹਰ ਵਰਗ ਤੋਂ ਮੰਗਿਆ ਸਮਰਥਨ

ਪੰਜਾਬ ਸਟੇਟ ਸਫ਼ਾਈ ਕਰਮਚਾਰੀ ਯੂਨੀਅਨ ਦੇ ਆਗੂ ਕੁਲਦੀਪ ਸਿੰਘ ਨੇ ਦੱਸਿਆ ਕਿ ਬੰਦ ਨੂੰ ਕਾਮਯਾਬ ਕਰਨ ਲਈ ਸਮਾਜ ਦੇ ਹਰ ਵਰਗ ਦੀ ਲਾਮਬੰਦੀ ਸ਼ੁਰੂ ਕਰ ਦਿੱਤੀ ਗਈ ਹੈ, ਤਾਂ ਜੋ ਪੰਜਾਬ ਨੂੰ ਮੁਕੰਮਲ ਤੌਰ ‘ਤੇ ਬੰਦ ਕੀਤਾ ਜਾ ਸਕੇ। ਯੂਨੀਅਨ ਨੇ ਲੋਕਾਂ ਤੋਂ ਵੀ ਇਸ ਸੰਘਰਸ਼ ਵਿੱਚ ਸਹਿਯੋਗ ਦੀ ਅਪੀਲ ਕੀਤੀ ਹੈ।

ਕੀ ਖੁੱਲ੍ਹਣਗੇ ਸਕੂਲ ਅਤੇ ਕਾਲਜ?

ਸਫ਼ਾਈ ਸੇਵਕਾਂ ਦੇ ਬੰਦ ਦੇ ਐਲਾਨ ਤੋਂ ਬਾਅਦ ਆਮ ਲੋਕਾਂ ਅਤੇ ਮਾਪਿਆਂ ਵਿੱਚ ਸਕੂਲ-ਕਾਲਜ ਖੁੱਲ੍ਹਣ ਜਾਂ ਬੰਦ ਰਹਿਣ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਹਾਲਾਂਕਿ, ਇਸ ਸਬੰਧ ਵਿੱਚ ਪੰਜਾਬ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਸਕੂਲ-ਕਾਲਜ ਬੰਦ ਰੱਖਣ ਦਾ ਕੋਈ ਵੀ ਅਧਿਕਾਰਤ (Official) ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ। ਇਸ ਲਈ ਅਦਾਰੇ ਆਮ ਵਾਂਗ ਹੀ ਖੁੱਲ੍ਹਣ ਦੀ ਸੰਭਾਵਨਾ ਹੈ।

ਕੀ ਹਨ ਸਫ਼ਾਈ ਕਰਮਚਾਰੀਆਂ ਦੀਆਂ ਮੁੱਖ ਮੰਗਾਂ?

ਸਫ਼ਾਈ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਹੇਠ ਲਿਖੇ ਅਨੁਸਾਰ ਹਨ:

  • ਪੱਕੇ ਕਰਨ ਦੀ ਮੰਗ: ਠੇਕੇ ‘ਤੇ ਕੰਮ ਕਰ ਰਹੇ ਕਰੀਬ 40 ਹਜ਼ਾਰ ਸਫ਼ਾਈ ਕਰਮਚਾਰੀਆਂ ਨੂੰ ਤੁਰੰਤ ਪੱਕਾ ਕੀਤਾ ਜਾਵੇ।
  • ਤਰੱਕੀ (ਪ੍ਰਮੋਸ਼ਨ): ਆਊਟਸੋਰਸਿੰਗ ਰਾਹੀਂ ਕੰਮ ਕਰਦੇ ਮੁਲਾਜ਼ਮਾਂ ਨੂੰ ਠੇਕਾ ਪ੍ਰਣਾਲੀ ਅਧੀਨ ਲਿਆ ਕੇ ਤਰੱਕੀ ਦਿੱਤੀ ਜਾਵੇ।
  • ਕੁੱਲ ਗਿਣਤੀ 56 ਹਜ਼ਾਰ: ਯੂਨੀਅਨ ਅਨੁਸਾਰ ਘਰ-ਘਰ ਜਾ ਕੇ ਕੂੜਾ ਇਕੱਠਾ ਕਰਨ ਵਾਲੇ ਗ਼ੈਰ-ਸੰਗਠਤ ਕਰਮਚਾਰੀਆਂ ਸਮੇਤ ਇਹ ਅੰਕੜਾ 56 ਹਜ਼ਾਰ ਤੱਕ ਪਹੁੰਚ ਜਾਂਦਾ ਹੈ।