ਪੰਜਾਬ ਦੇ ਕਬੱਡੀ ਜਗਤ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਨਾਮੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਖਜਿੰਦਰ ਸਿੰਘ ਸੁੱਖਾ ਬੀਹਲੇਵਾਲਾ ਦਾ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਲੰਮੇ ਸਮੇਂ ਤੋਂ ਲੀਵਰ ਦੀ ਗੰਭੀਰ ਬਿਮਾਰੀ ਨਾਲ ਜੂਝ ਰਹੇ ਸਨ।
ਇੱਕ ਸਮਾਂ ਸੀ ਜਦੋਂ ਪੰਜਾਬ ਦੇ ਪੇਂਡੂ ਖੇਡ ਮੇਲਿਆਂ ਵਿੱਚ ਸੁੱਖਾ ਬੀਹਲੇਵਾਲਾ ਦਾ ਨਾਂ ਪੂਰੀ ਤਰ੍ਹਾਂ ਗੂੰਜਦਾ ਸੀ। ਉਨ੍ਹਾਂ ਦੀਆਂ ਸ਼ਾਨਦਾਰ ਰੇਡਾਂ ਨੂੰ ਦੇਖਣ ਲਈ ਦਰਸ਼ਕਾਂ ਦਾ ਭਾਰੀ ਇਕੱਠ ਹੁੰਦਾ ਸੀ ਅਤੇ ਉਨ੍ਹਾਂ ਦੇ ਦਾਅ-ਪੇਚਾਂ ‘ਤੇ ਨੋਟਾਂ ਦੀ ਵਰਖਾ ਕੀਤੀ ਜਾਂਦੀ ਸੀ। ਉਹ ਕੋਚ ਗੁਰਦੀਪ ਸਿੰਘ ਮੱਲ੍ਹੀ ਦੇ ਪਸੰਦੀਦਾ ਖਿਡਾਰੀਆਂ ਵਿੱਚੋਂ ਇੱਕ ਸਨ। ਖੇਡਣ ਦੇ ਨਾਲ-ਨਾਲ ਉਨ੍ਹਾਂ ਨੇ ਆਸ-ਪਾਸ ਦੇ ਪਿੰਡਾਂ ਦੇ ਕਈ ਨੌਜਵਾਨਾਂ ਨੂੰ ਵੀ ਖੇਡਾਂ ਨਾਲ ਜੋੜਿਆ ਅਤੇ ਹਮੇਸ਼ਾ ਜੂਨੀਅਰ ਖਿਡਾਰੀਆਂ ਦੀ ਮਦਦ ਕੀਤੀ।
ਲੀਵਰ ਦੀ ਲੰਬੀ ਅਤੇ ਗੰਭੀਰ ਬਿਮਾਰੀ ਕਾਰਨ ਉਨ੍ਹਾਂ ਨੂੰ ਆਪਣਾ ਖੇਡ ਕਰੀਅਰ ਵਿਚਕਾਰ ਹੀ ਛੱਡਣਾ ਪਿਆ। ਮਹਿੰਗੇ ਇਲਾਜ ਕਰਕੇ ਪਰਿਵਾਰ ਦੀ ਸਾਰੀ ਜਮ੍ਹਾਂਪੂੰਜੀ ਖਰਚ ਹੋ ਗਈ ਅਤੇ ਹਾਲਾਤ ਇੰਨੇ ਬਦਤਰ ਹੋ ਗਏ ਕਿ ਘਰ ਵਿੱਚ ਕਮਾਈ ਦਾ ਕੋਈ ਸਾਧਨ ਨਹੀਂ ਬਚਿਆ। ਮੁਸ਼ਕਿਲ ਸਮੇਂ ਦੌਰਾਨ ਪਰਿਵਾਰਕ ਹਾਲਾਤ ਵਿਗੜਨ ਕਾਰਨ ਪਤਨੀ ਵੀ ਸਾਥ ਛੱਡ ਗਈ, ਜਿਸ ਤੋਂ ਬਾਅਦ ਉਨ੍ਹਾਂ ਦੀ ਬਿਮਾਰ ਅਤੇ ਬਿਰਧ ਮਾਤਾ ਨੇ ਹੀ ਪੁੱਤ ਤੇ ਬੱਚਿਆਂ ਦੀ ਸਾਂਭ-ਸੰਭਾਲ ਕੀਤੀ।
ਸੁੱਖਾ ਬੀਹਲੇਵਾਲਾ ਆਪਣੇ ਪਿੱਛੇ ਦੋ ਮਾਸੂਮ ਬੱਚੇ (ਇੱਕ ਧੀ ਅਤੇ ਇੱਕ ਪੁੱਤਰ, ਜਿਨ੍ਹਾਂ ਦੀ ਉਮਰ ਕਰੀਬ 6 ਅਤੇ 5 ਸਾਲ ਹੈ) ਅਤੇ ਆਪਣੀ ਬਿਰਧ ਮਾਂ ਨੂੰ ਛੱਡ ਗਏ ਹਨ। ਖੁਦ ਦੋ ਆਪ੍ਰੇਸ਼ਨ ਕਰਵਾ ਚੁੱਕੀ ਬਿਮਾਰ ਮਾਂ ਦੇ ਮੋਢਿਆਂ ‘ਤੇ ਹੁਣ ਇਨ੍ਹਾਂ ਦੋਵਾਂ ਛੋਟੇ ਬੱਚਿਆਂ ਦੇ ਪਾਲਣ-ਪੋਸ਼ਣ ਅਤੇ ਭਵਿੱਖ ਦੀ ਸਾਰੀ ਜ਼ਿੰਮੇਵਾਰੀ ਆ ਗਈ ਹੈ, ਕਿਉਂਕਿ ਘਰ ਵਿੱਚ ਹੁਣ ਕੋਈ ਵੀ ਕਮਾਉਣ ਵਾਲਾ ਮੈਂਬਰ ਨਹੀਂ ਰਿਹਾ।
