Speed Records ਦੇ ਮਾਲਕ ਦਿਨੇਸ਼ ਦੇ ਪੁੱਤ ਦੀ ਹੋਈ ਮੌਤ

ਜਲੰਧਰ ਵਿੱਚ ਐਤਵਾਰ ਤੜਕੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਪੁਲਸ ਲਾਈਨ ਨੇੜੇ ਸਥਿਤ ਫਲਾਈਓਵਰ ’ਤੇ ਵਾਪਰਿਆ, ਜਿੱਥੇ ਤੇਜ਼ ਰਫ਼ਤਾਰ ਫਾਕਸਵੈਗਨ ਕਾਰ ਸੜਕ ’ਤੇ ਖੜ੍ਹੀ ਨਗਰ ਨਿਗਮ ਦੀ ਟਰੈਕਟਰ-ਟਰਾਲੀ ਨਾਲ ਪਿੱਛੇ ਤੋਂ ਟਕਰਾ ਗਈ। ਹਾਦਸੇ ਵਿੱਚ ਕਾਰ ਸਵਾਰ ਦੋ ਨੌਜਵਾਨਾਂ ਦੀ ਜਾਨ ਚਲੀ ਗਈ, ਜਦਕਿ ਇੱਕ ਹੋਰ ਨੌਜਵਾਨ ਸੁਰੱਖਿਅਤ ਦੱਸਿਆ ਜਾ ਰਿਹਾ ਹੈ।

ਮ੍ਰਿਤਕਾਂ ਦੀ ਪਛਾਣ ਮਸ਼ਹੂਰ ਪੰਜਾਬੀ ਮਿਊਜ਼ਿਕ ਕੰਪਨੀ ਸਪੀਡ ਰਿਕਾਰਡ ਦੇ ਮਾਲਕ ਦਿਨੇਸ਼ ਦੇ ਪੁੱਤਰ ਵਿਦਿਤ ਓਲਕ ਅਤੇ ਪੱਪੀ ਸਵੀਟਸ ਦੇ ਮਾਲਕ ਦੇ ਪੁੱਤਰ ਆਰਵ ਤਲਵਾੜ ਵਜੋਂ ਹੋਈ ਹੈ। ਦੋਵਾਂ ਦੀ ਉਮਰ ਕਰੀਬ 18 ਤੋਂ 19 ਸਾਲ ਦੱਸੀ ਜਾ ਰਹੀ ਹੈ।

ਬਰਥਡੇ ਪਾਰਟੀ ਤੋਂ ਬਾਅਦ ਘੁੰਮਣ ਨਿਕਲੇ ਸਨ ਦੋਸਤ

ਜਾਣਕਾਰੀ ਮੁਤਾਬਕ ਪੰਜੇ ਨੌਜਵਾਨ ਇੱਕ ਬਰਥਡੇ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਫਾਕਸਵੈਗਨ ਕਾਰ ਵਿੱਚ ਘੁੰਮਣ ਲਈ ਨਿਕਲੇ ਸਨ। ਜਦੋਂ ਉਨ੍ਹਾਂ ਦੀ ਕਾਰ ਬੀਐਮਸੀ ਚੌਕ ਤੋਂ ਬੀਐਸਐਫ ਚੌਕ ਵੱਲ ਫਲਾਈਓਵਰ ’ਤੇ ਜਾ ਰਹੀ ਸੀ ਤਾਂ ਉੱਥੇ ਖੜ੍ਹੀ ਨਗਰ ਨਿਗਮ ਦੀ ਟਰੈਕਟਰ-ਟਰਾਲੀ ਨਾਲ ਪਿੱਛੇ ਤੋਂ ਜ਼ੋਰਦਾਰ ਟੱਕਰ ਹੋ ਗਈ।

ਕਾਰ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਪਾਰਸ਼ਦ ਦਾ ਪੁੱਤਰ ਵੀ ਸਵਾਰ ਸੀ, ਜੋ ਹਾਦਸੇ ਵਿੱਚ ਸੁਰੱਖਿਅਤ ਬਚ ਗਿਆ। ਬਾਕੀ ਦੋ ਨੌਜਵਾਨਾਂ ਬਾਰੇ ਵੀ ਸ਼ੁਰੂਆਤੀ ਜਾਣਕਾਰੀ ਸਪੱਸ਼ਟ ਨਹੀਂ ਸੀ।

ਸਫ਼ਾਈ ਲਈ ਫਲਾਈਓਵਰ ’ਤੇ ਖੜ੍ਹੀ ਸੀ ਟਰੈਕਟਰ-ਟਰਾਲੀ

ਥਾਣਾ ਬਾਰਾਦਰੀ ਦੇ ਐਸਐਚਓ ਸਾਹਿਲ ਚੌਧਰੀ ਮੁਤਾਬਕ ਪੁਲਸ ਨੂੰ ਤੜਕੇ ਕਰੀਬ 3 ਵਜੇ ਹਾਦਸੇ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੁਲਸ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ।

ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਨਗਰ ਨਿਗਮ ਦੇ ਸਫ਼ਾਈ ਕਰਮਚਾਰੀ ਫਲਾਈਓਵਰ ’ਤੇ ਸਫ਼ਾਈ ਕਰ ਰਹੇ ਸਨ। ਕੂੜਾ ਇਕੱਠਾ ਕਰਨ ਅਤੇ ਉਸ ਨੂੰ ਟਰਾਲੀ ਵਿੱਚ ਪਾਉਣ ਲਈ ਟਰੈਕਟਰ-ਟਰਾਲੀ ਫਲਾਈਓਵਰ ’ਤੇ ਖੜ੍ਹੀ ਕੀਤੀ ਗਈ ਸੀ। ਇਸੇ ਦੌਰਾਨ ਨੌਜਵਾਨਾਂ ਦੀ ਕਾਰ ਉਸ ਨਾਲ ਟਕਰਾ ਗਈ।

ਪਰਿਵਾਰਾਂ ਨੇ ਨਹੀਂ ਕਰਵਾਈ ਕਾਨੂੰਨੀ ਕਾਰਵਾਈ

ਐਸਐਚਓ ਨੇ ਦੱਸਿਆ ਕਿ ਹਾਦਸੇ ਵਿੱਚ ਮਾਰੇ ਗਏ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਲੋੜੀਂਦੀ ਕਾਰਵਾਈ ਕੀਤੀ ਗਈ। ਪਰਿਵਾਰਾਂ ਵੱਲੋਂ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਇਨਕਾਰ ਕਰਨ ਤੋਂ ਬਾਅਦ ਲਾਸ਼ਾਂ ਉਨ੍ਹਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ।

ਪੁਲਸ ਮੁਤਾਬਕ ਕਾਰ ਵਿੱਚ ਸਵਾਰ ਬਾਕੀ ਤਿੰਨ ਨੌਜਵਾਨ ਵੀ ਆਪਣੇ ਘਰ ਪਹੁੰਚ ਚੁੱਕੇ ਸਨ। ਹਾਦਸੇ ਦੀਆਂ ਸਥਿਤੀਆਂ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।