ਅੰਮ੍ਰਿਤਸਰ: ਪਿਛਲੇ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੀ ਕਪੂਰਥਲਾ ਦੀ ਸਰਬਜੀਤ ਕੌਰ ਅੱਜ ਮੁੜ ਭਾਰਤੀ ਸਰਜ਼ਮੀਂ ‘ਤੇ ਕਦਮ ਰੱਖੇਗੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਵੰਬਰ ਮਹੀਨੇ ਪਾਕਿਸਤਾਨ ਗਈ ਸਰਬਜੀਤ ਕੌਰ ਨੂੰ ਅੱਜ ਪਾਕਿਸਤਾਨ ਸਰਕਾਰ ਵੱਲੋਂ ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤੀ ਅਧਿਕਾਰੀਆਂ ਦੇ ਹਵਾਲੇ ਕੀਤਾ ਜਾ ਸਕਦਾ ਹੈ
ਕਿਵੇਂ ਸ਼ੁਰੂ ਹੋਇਆ ਵਿਵਾਦ?
ਲਾਪਤਾ ਹੋਣਾ: ਸਰਬਜੀਤ ਕੌਰ ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ‘ਤੇ ਗਈ ਸੀ। ਯਾਤਰਾ ਦੌਰਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਉਹ ਅਚਾਨਕ ਜਥੇ ਤੋਂ ਵੱਖ ਹੋ ਗਈ ਅਤੇ ਗਾਇਬ ਹੋ ਗਈ।
ਧਰਮ ਤਬਦੀਲੀ ਤੇ ਨਿਕਾਹ: ਲਾਪਤਾ ਹੋਣ ਤੋਂ ਕੁਝ ਸਮੇਂ ਬਾਅਦ ਖ਼ਬਰ ਆਈ ਕਿ ਉਸ ਨੇ ਗੁਜਰਾਂਵਾਲਾ ਦੇ ਰਹਿਣ ਵਾਲੇ ਨਾਸਰ ਹੁਸੈਨ ਨਾਲ ਨਿਕਾਹ ਕਰ ਲਿਆ ਹੈ। ਇੰਨਾ ਹੀ ਨਹੀਂ, ਉਸ ਨੇ ਆਪਣਾ ਧਰਮ ਬਦਲ ਕੇ ਨਵਾਂ ਨਾਂ ‘ਨੂਰ ਹੁਸੈਨ’ ਰੱਖ ਲਿਆ ਸੀ।
ਪੁਲਿਸ ਕਾਰਵਾਈ: ਮਾਮਲਾ ਭੱਖਣ ਤੋਂ ਬਾਅਦ ਨਨਕਾਣਾ ਸਾਹਿਬ ਪੁਲਿਸ ਨੇ ਛਾਪੇਮਾਰੀ ਕੀਤੀ ਅਤੇ ਸਰਬਜੀਤ ਕੌਰ ਤੇ ਉਸ ਦੇ ਪਤੀ ਨਾਸਰ ਹੁਸੈਨ ਨੂੰ ਪਿੰਡ ਪੈੜੇਵਾਲ ਤੋਂ ਗ੍ਰਿਫ਼ਤਾਰ ਕਰ ਲਿਆ
ਤਾਜ਼ਾ ਰਿਪੋਰਟਾਂ ਮੁਤਾਬਕ, ਨਨਕਾਣਾ ਸਾਹਿਬ ਪੁਲਿਸ ਸਰਬਜੀਤ ਕੌਰ ਨੂੰ ਲੈ ਕੇ ਵਾਹਗਾ ਸਰਹੱਦ ‘ਤੇ ਪਹੁੰਚ ਚੁੱਕੀ ਹੈ।
ਐਮਰਜੈਂਸੀ ਸਰਟੀਫਿਕੇਟ: ਇਸਲਾਮਾਬਾਦ ਵਿੱਚ ਭਾਰਤੀ ਦੂਤਾਵਾਸ ਵੱਲੋਂ ਸਰਬਜੀਤ ਲਈ ‘ਐਮਰਜੈਂਸੀ ਸਰਟੀਫਿਕੇਟ’ ਜਾਰੀ ਕੀਤਾ ਗਿਆ ਹੈ।
ਹਵਾਲਗੀ ਦੀ ਪ੍ਰਕਿਰਿਆ: ਪਾਕਿਸਤਾਨ ਰੇਂਜਰਜ਼ ਵੱਲੋਂ ਰਸਮੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਉਸ ਨੂੰ ਭਾਰਤੀ ਸੀਮਾ ਸੁਰੱਖਿਆ ਬਲ (BSF) ਦੇ ਹਵਾਲੇ ਕੀਤਾ ਜਾਵੇਗਾ
ਦੂਜੇ ਪਾਸੇ, ਸਰਬਜੀਤ ਕੌਰ ਦੇ ਜੱਦੀ ਪਿੰਡ ਅਮਾਨੀਪੁਰ (ਕਪੂਰਥਲਾ) ਵਿੱਚ ਮਾਹੌਲ ਕਾਫੀ ਤਣਾਅਪੂਰਨ ਹੈ। ਜਦੋਂ ਮੀਡੀਆ ਨੇ ਪਿੰਡ ਵਾਸੀਆਂ ਨਾਲ ਗੱਲ ਕਰਨੀ ਚਾਹੀ, ਤਾਂ ਕਿਸੇ ਨੇ ਵੀ ਕੈਮਰੇ ਸਾਹਮਣੇ ਆਉਣ ਜਾਂ ਇਸ ਮੁੱਦੇ ‘ਤੇ ਟਿੱਪਣੀ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਪਿੰਡ ਵਿੱਚ ਇਸ ਘਟਨਾ ਨੂੰ ਲੈ ਕੇ ਭਾਰੀ ਨਾਮੋਸ਼ੀ ਅਤੇ ਚੁੱਪ ਦੇਖਣ ਨੂੰ ਮਿਲ ਰਹੀ ਹੈ

