ਨੌਜਵਾਨ ਆਗੂ ਲਖਵੀਰ ਸਿੰਘ ਲੱਖਾ ਸਿਧਾਣਾ ਅਤੇ ਮੋਹਨਜੀਤ ਸਿੰਘ ਸ਼ੇਰੋਂ ਨੂੰ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਰਜਿੰਦਰ ਨਾਗਪਾਲ ਦੀ ਅਦਾਲਤ ਨੇ ਇਕ ਦਿਨ ਦੇ ਹੋਰ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਚਾਰ ਦਿਨਾਂ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਦੋਵਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਪੁਲਿਸ ਨੇ ਦੋਵਾਂ ਦਾ ਸੱਤ ਦਿਨਾਂ ਦਾ ਹੋਰ ਰਿਮਾਂਡ ਮੰਗਿਆ ਸੀ, ਪਰ ਅਦਾਲਤ ਨੇ ਇਕ ਦਿਨ ਦਾ ਰਿਮਾਂਡ ਹੀ ਮਨਜ਼ੂਰ ਕੀਤਾ।
ਜ਼ਿਕਰਯੋਗ ਹੈ ਕਿ 27 ਅਕਤੂਬਰ ਨੂੰ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦੀ ਮੌਤ ਤੋਂ ਬਾਅਦ ਰਾਮ ਦਿੱਤੇਵਾਲਾ ਚੌਕ ਵਿਖੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਹੋ ਗਈ ਸੀ। ਇਸ ਘਟਨਾ ਦੌਰਾਨ ਮੋਹਨਜੀਤ ਸਿੰਘ ਸ਼ੇਰੋਂ ਸਮੇਤ ਲਗਭਗ ਦੋ ਦਰਜਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦਕਿ ਲੱਖਾ ਸਿਧਾਣਾ ਨੂੰ ਤਿੰਨਕੋਨੀ ਨੇੜੇ ਲੱਗੇ ਧਰਨੇ ਵਾਲੀ ਥਾਂ ਤੋਂ ਪੁਲਿਸ ਆਪਣੇ ਨਾਲ ਲੈ ਗਈ ਸੀ। ਦੋਵਾਂ ਖ਼ਿਲਾਫ਼ ਇਰਾਦਾ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਅਦਾਲਤੀ ਸੁਣਵਾਈ ਦੌਰਾਨ ਪੁਲਿਸ ਨੇ ਦਲੀਲ ਦਿੱਤੀ ਕਿ ਲੱਖਾ ਸਿਧਾਣਾ ਤੋਂ ਮੋਬਾਈਲ ਫ਼ੋਨ ਅਤੇ ਮੋਹਨਜੀਤ ਸਿੰਘ ਸ਼ੇਰੋਂ ਤੋਂ ਕਿਰਪਾਨ ਬਰਾਮਦ ਕਰਵਾਉਣੀ ਬਾਕੀ ਹੈ। ਇਸ ਦੇ ਜਵਾਬ ਵਿੱਚ ਲੱਖਾ ਸਿਧਾਣਾ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਨੂੰ ਦੱਸਿਆ ਕਿ ਉਸ ਦਾ ਮੋਬਾਈਲ ਫ਼ੋਨ ਧਰਨੇ ਦੌਰਾਨ ਕਿਤੇ ਡਿੱਗ ਗਿਆ ਸੀ ਅਤੇ ਪੁਲਿਸ ਵੱਲੋਂ ਜਾਮਾ ਤਲਾਸ਼ੀ ਲੈਣ ਸਮੇਂ ਵੀ ਇਹ ਬਰਾਮਦ ਨਹੀਂ ਹੋਇਆ ਸੀ।
ਲੱਖਾ ਸਿਧਾਣਾ ਵੱਲੋਂ ਐਡਵੋਕੇਟ ਹਰਪਾਲ ਸਿੰਘ ਖਾਰਾ ਅਤੇ ਐਡਵੋਕੇਟ ਰਣਜੋਧ ਸਿੰਘ ਭੁੱਲਰ ਪੇਸ਼ ਹੋਏ, ਜਦਕਿ ਮੋਹਨਜੀਤ ਸਿੰਘ ਸ਼ੇਰੋਂ ਦੀ ਤਰਫ਼ੋਂ ਐਡਵੋਕੇਟ ਮਨਪ੍ਰੀਤ ਸਿੰਘ ਨੇ ਪੈਰਵੀ ਕੀਤੀ। ਐਡਵੋਕੇਟ ਖਾਰਾ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਅਦਾਲਤ ਵਿੱਚ ਪੁਲਿਸ ਨੂੰ ਸਵਾਲ ਕੀਤਾ ਸੀ ਕਿ ਹੁਣ ਤੱਕ ਮੋਬਾਈਲ ਫ਼ੋਨ ਦੀ ਬਰਾਮਦਗੀ ਲਈ ਧਰਨੇ ਵਾਲੀ ਥਾਂ ‘ਤੇ ਤਲਾਸ਼ੀ ਕੀਤੀ ਗਈ ਹੈ ਜਾਂ ਨਹੀਂ, ਪਰ ਪੁਲਿਸ ਵੱਲੋਂ ਇਸ ਸਵਾਲ ਦਾ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਗਿਆ।
ਇਸੇ ਤਰ੍ਹਾਂ ਸ਼ੇਰੋਂ ਦੇ ਵਕੀਲਾਂ ਨੇ ਪੁਲਿਸ ਵੱਲੋਂ ਕਿਰਪਾਨ ਦੀ ਬਰਾਮਦਗੀ ਸਬੰਧੀ ਦਿੱਤੀ ਗਈ ਦਲੀਲ ‘ਤੇ ਇਤਰਾਜ਼ ਕਰਦਿਆਂ ਕਿਹਾ ਕਿ ਸ਼ੇਰੋਂ ਕਿਰਪਾਨ ਨਹੀਂ ਰੱਖਦੇ, ਸਗੋਂ ਗਾਤਰਾ ਪਹਿਨਦੇ ਹਨ। ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਦੋਵਾਂ ਨੂੰ ਇਕ ਦਿਨ ਦੇ ਹੋਰ ਪੁਲਿਸ ਰਿਮਾਂਡ ‘ਤੇ ਭੇਜਣ ਦੇ ਹੁਕਮ ਦਿੱਤੇ।
ਲੱਖਾ ਸਿਧਾਣਾ ਦੀ ਸਿਹਤ ਦਾ ਮਾਮਲਾ ਵੀ ਅਦਾਲਤ ਵਿੱਚ ਉੱਠਿਆ
ਸੁਣਵਾਈ ਦੌਰਾਨ ਲੱਖਾ ਸਿਧਾਣਾ ਦੀ ਸਿਹਤ ਨੂੰ ਲੈ ਕੇ ਵੀ ਚਿੰਤਾ ਪ੍ਰਗਟਾਈ ਗਈ। ਉਨ੍ਹਾਂ ਵੱਲੋਂ ਛਾਤੀ ਵਿੱਚ ਦਰਦ ਅਤੇ ਮਾਮੂਲੀ ਦਿਲ ਦਾ ਦੌਰਾ ਪੈਣ ਦੀ ਸ਼ਿਕਾਇਤ ਅਦਾਲਤ ਦੇ ਧਿਆਨ ਵਿੱਚ ਲਿਆਂਦੀ ਗਈ। ਉਨ੍ਹਾਂ ਦੇ ਵਕੀਲਾਂ ਨੇ ਸਿਹਤ ਦੀ ਜਾਂਚ ਕਰਵਾਉਣ ਲਈ ਅਰਜ਼ੀ ਦਾਇਰ ਕੀਤੀ, ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ।
ਐਡਵੋਕੇਟ ਹਰਪਾਲ ਸਿੰਘ ਖਾਰਾ ਅਤੇ ਰਣਜੋਧ ਸਿੰਘ ਭੁੱਲਰ ਨੇ ਕਿਹਾ ਕਿ ਲੱਖਾ ਸਿਧਾਣਾ ਦੀ ਸਿਹਤ ਦਾ ਮਾਮਲਾ ਬੇਹੱਦ ਗੰਭੀਰ ਹੈ ਅਤੇ ਇਸ ਨੂੰ ਕਿਸੇ ਵੀ ਹਾਲਤ ਵਿੱਚ ਅਣਗੌਲਿਆ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਮੰਗ ਕੀਤੀ ਕਿ ਸਿਧਾਣਾ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਉਸ ਦੀ ਢੁੱਕਵੀਂ ਡਾਕਟਰੀ ਜਾਂਚ ਯਕੀਨੀ ਬਣਾਈ ਜਾਵੇ।
