PU ਸੈਨੇਟ ਚੋਣਾਂ ਦਾ ਬਿਗਲ ਵੱਜਿਆ: ਉਪ-ਰਾਸ਼ਟਰਪਤੀ ਦਫ਼ਤਰ ਵੱਲੋਂ ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ : ਲੰਬੇ ਸਮੇਂ ਤੋਂ ਲਟਕੀਆਂ ਪੰਜਾਬ ਯੂਨੀਵਰਸਿਟੀ (PU) ਸੈਨੇਟ ਚੋਣਾਂ ਦਾ ਰਾਹ ਆਖ਼ਰਕਾਰ ਸਾਫ਼ ਹੋ ਗਿਆ ਹੈ। ਯੂਨੀਵਰਸਿਟੀ ਦੇ ਚਾਂਸਲਰ ਅਤੇ ਉਪ-ਰਾਸ਼ਟਰਪਤੀ ਦੇ ਦਫ਼ਤਰ ਨੇ ਚੋਣ ਪ੍ਰੋਗਰਾਮ ਦੀਆਂ ਤਰੀਕਾਂ ਨੂੰ ਮਨਜ਼ੂਰੀ ਦਿੰਦੇ ਹੋਏ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

ਪੁਰਾਣੇ ਸ਼ਡਿਊਲ ਅਨੁਸਾਰ ਹੀ ਹੋਣਗੀਆਂ ਚੋਣਾਂ

ਦਫ਼ਤਰ ਦੀ ਸਕੱਤਰ, ਸਰਿਤਾ ਚੌਹਾਨ ਨੇ ਪੁਸ਼ਟੀ ਕੀਤੀ ਹੈ ਕਿ ਚੋਣਾਂ ਉਸੇ ਸ਼ਡਿਊਲ ਅਨੁਸਾਰ ਹੋਣਗੀਆਂ ਜੋ ਯੂਨੀਵਰਸਿਟੀ ਵੱਲੋਂ ਪਹਿਲਾਂ ਭੇਜਿਆ ਗਿਆ ਸੀ। ਇਸ ਮਨਜ਼ੂਰੀ ਨਾਲ ਯੂਨੀਵਰਸਿਟੀ ਕੈਂਪਸ ਵਿੱਚ ਰਾਜਨੀਤਿਕ ਸਰਗਰਮੀ ਮੁੜ ਸ਼ੁਰੂ ਹੋ ਗਈ ਹੈ।

ਵਿਦਿਆਰਥੀ ਜਥੇਬੰਦੀਆਂ ‘ਚ ਖ਼ੁਸ਼ੀ, ਕੱਲ੍ਹ ‘ਵਿਕਟਰੀ ਮਾਰਚ’ ਦਾ ਐਲਾਨ

ਚੋਣਾਂ ਦੀਆਂ ਤਰੀਕਾਂ ਨੂੰ ਮਨਜ਼ੂਰੀ ਮਿਲਣ ‘ਤੇ ਵਿਦਿਆਰਥੀ ਸੰਗਠਨਾਂ ਵਿੱਚ ਭਾਰੀ ਉਤਸ਼ਾਹ ਹੈ। ਇਸ ਜਿੱਤ ਦਾ ਜਸ਼ਨ ਮਨਾਉਣ ਲਈ ਵਿਦਿਆਰਥੀ ਜਥੇਬੰਦੀਆਂ ਵੱਲੋਂ ਕੱਲ੍ਹ ਯੂਨੀਵਰਸਿਟੀ ਕੈਂਪਸ ਵਿੱਚ ਇੱਕ ‘ਵਿਕਟਰੀ ਮਾਰਚ’ ਕੱਢਣ ਦਾ ਐਲਾਨ ਕੀਤਾ ਗਿਆ ਹੈ।


ਚੋਣਾਂ ਕਿਉਂ ਰੁਕੀਆਂ? ਪਿਛੋਕੜ ਜਾਣੋ

PU ਸੈਨੇਟ ਦੀ ਮਿਆਦ ਆਮ ਤੌਰ ‘ਤੇ ਪੰਜ ਸਾਲ ਦੀ ਹੁੰਦੀ ਹੈ। ਪਿਛਲੀ ਸੈਨੇਟ ਦਾ ਕਾਰਜਕਾਲ 31 ਅਕਤੂਬਰ, 2024 ਨੂੰ ਖ਼ਤਮ ਹੋ ਗਿਆ ਸੀ।

ਚੋਣ ਪ੍ਰਕਿਰਿਆ ਸਮੇਂ ਸਿਰ ਸ਼ੁਰੂ ਨਾ ਹੋਣ ਦਾ ਮੁੱਖ ਕਾਰਨ ਇਹ ਸੀ ਕਿ ਕੇਂਦਰ ਸਰਕਾਰ ਨੇ ਨਵੀਂ ਸੈਨੇਟ ਦੇ ਗਠਨ ਤੋਂ ਪਹਿਲਾਂ ਹੀ ਪੁਰਾਣੀ ਸੈਨੇਟ ਨੂੰ ਭੰਗ ਕਰਨ ਦਾ ਫ਼ੈਸਲਾ ਕਰ ਲਿਆ ਸੀ। ਇਸ ਫ਼ੈਸਲੇ ਕਾਰਨ ਚੋਣ ਪ੍ਰਕਿਰਿਆ ਅਧਵਾਟੇ ਰੁੱਕ ਗਈ ਸੀ ਅਤੇ ਯੂਨੀਵਰਸਿਟੀ ਦਾ ਪ੍ਰਬੰਧਕੀ ਢਾਂਚਾ ਪ੍ਰਭਾਵਿਤ ਹੋ ਰਿਹਾ ਸੀ।

ਉਪ-ਰਾਸ਼ਟਰਪਤੀ ਦਫ਼ਤਰ ਵੱਲੋਂ ਮਨਜ਼ੂਰੀ ਮਿਲਣ ਨਾਲ, ਹੁਣ ਜਲਦ ਹੀ ਚੋਣਾਂ ਲਈ ਕਾਗਜ਼ੀ ਕਾਰਵਾਈ ਤੇਜ਼ ਹੋਣ ਦੀ ਉਮੀਦ ਹੈ