ਵਿਆਹ ਸਮਾਗਮ ‘ਚ ‘ਆਪ’ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ

ਤਰਨਤਾਰਨ: ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ‘ਤੇ ਸਵਾਲ ਖੜ੍ਹੇ ਕਰਦੀ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਤਰਨਤਾਰਨ ਦੇ ਪਿੰਡ ਸੇਰੋਂ ਸਥਿਤ ਇੱਕ ਮੈਰਿਜ ਪੈਲੇਸ ਵਿੱਚ ਚੱਲ ਰਹੇ ਵਿਆਹ ਸਮਾਗਮ ਦੌਰਾਨ ਪਿੰਡ ਠੱਠੀਆਂ ਮਹੰਤਾਂ ਦੇ ਆਮ ਆਦਮੀ ਪਾਰਟੀ (AAP) ਦੇ ਮੌਜੂਦਾ ਸਰਪੰਚ ਹਰਬਰਿੰਦਰ ਸਿੰਘ ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ

ਕਿਵੇਂ ਵਾਪਰੀ ਘਟਨਾ?
ਜਾਣਕਾਰੀ ਅਨੁਸਾਰ ਸਰਪੰਚ ਹਰਬਰਿੰਦਰ ਸਿੰਘ ਬੁੱਧਵਾਰ ਨੂੰ ਪਿੰਡ ਸੇਰੋਂ ਦੇ ਸਿੱਧੂ ਫਾਰਮ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਸਨ। ਇਸੇ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਗੋਲੀਆਂ ਲੱਗਣ ਕਾਰਨ ਸਰਪੰਚ ਦੀ ਮੌਕੇ ‘ਤੇ ਹੀ ਮੌਤ ਹੋ ਗਈ

ਭਰਾ ‘ਤੇ ਵੀ ਚਲਾਈਆਂ ਗੋਲੀਆਂ
ਜਦੋਂ ਸਰਪੰਚ ਦੇ ਭਰਾ (ਚਾਚੇ ਦੇ ਲੜਕੇ) ਜਰਮਨਜੀਤ ਸਿੰਘ ਨੇ ਹਿੰਮਤ ਦਿਖਾਉਂਦੇ ਹੋਏ ਹਮਲਾਵਰਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਮੁਲਜ਼ਮਾਂ ਨੇ ਉਸ ਉੱਪਰ ਵੀ ਗੋਲੀਆਂ ਚਲਾ ਦਿੱਤੀਆਂ। ਜਰਮਨਜੀਤ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਤਰਨਤਾਰਨ ਦੇ ਹਸਪਤਾਲ ਲਿਜਾਇਆ ਗਿਆ। ਹਾਲਤ ਨਾਜ਼ੁਕ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ

ਪੁਲਿਸ ਵੱਲੋਂ ਜਾਂਚ ਸ਼ੁਰੂ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਅਤੇ ਮੈਰਿਜ ਪੈਲੇਸ ਵਿੱਚ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਫਿਲਹਾਲ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ

ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ
ਦਿਨ-ਦਿਹਾੜੇ ਵਿਆਹ ਵਰਗੇ ਖੁਸ਼ੀ ਦੇ ਮਾਹੌਲ ਵਿੱਚ ਹੋਈ ਇਸ ਖ਼ੂਨੀ ਵਾਰਦਾਤ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ‘ਆਪ’ ਆਗੂਆਂ ਅਤੇ ਪਿੰਡ ਵਾਸੀਆਂ ਵਿੱਚ ਇਸ ਘਟਨਾ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ