ਅਮਿਤ ਸ਼ਾਹ ਦਾ ਪੰਜਾਬ ਦੌਰੇ ਤੋਂ ਪਹਿਲਾਂ ‘AAP’ ‘ਤੇ ਵੱਡਾ ਹਮਲਾ

ਮੋਗਾ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਇੱਕ ਵਿਸ਼ਾਲ ‘ਬਦਲਾਅ ਰੈਲੀ’ ਨੂੰ ਸੰਬੋਧਨ ਕਰਨ ਜਾ ਰਹੇ ਹਨ। ਪਰ ਪੰਜਾਬ ਦੀ ਧਰਤੀ ‘ਤੇ ਕਦਮ ਰੱਖਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ (AAP) ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਸ਼ਾਹ ਨੇ ਮੌਜੂਦਾ ਸਰਕਾਰ ਨੂੰ ‘ਆਪ-ਦਾ ਸਰਕਾਰ’ ਦੱਸਦਿਆਂ ਤਿੱਖੇ ਸਿਆਸੀ ਵਾਰ ਕੀਤੇ ਹਨ

ਸੋਸ਼ਲ ਮੀਡੀਆ ‘ਤੇ ਵਿੰਨ੍ਹਿਆ ਨਿਸ਼ਾਨਾ
ਅਮਿਤ ਸ਼ਾਹ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (Twitter) ‘ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਪੰਜਾਬ ਦਾ ਹਰ ਨਾਗਰਿਕ ਹੁਣ ਬਦਲਾਅ ਦੀ ਉਡੀਕ ਕਰ ਰਿਹਾ ਹੈ। ਉਨ੍ਹਾਂ ਕਿਹਾ:

“ਜਵਾਨਾਂ, ਕਿਸਾਨਾਂ ਅਤੇ ਮਿਹਨਤਕਸ਼ ਲੋਕਾਂ ਲਈ ਜਾਣੀ ਜਾਂਦੀ ਪੰਜਾਬ ਦੀ ਪਵਿੱਤਰ ਧਰਤੀ ਨੂੰ ‘ਆਪ-ਦਾ ਸਰਕਾਰ’ ਨੇ ਭ੍ਰਿਸ਼ਟਾਚਾਰ, ਨਸ਼ਿਆਂ ਅਤੇ ਅਪਰਾਧ ਵਿੱਚ ਡੋਬ ਦਿੱਤਾ ਹੈ। ਰਿਮੋਟ ਕੰਟਰੋਲ ਨਾਲ ਚੱਲਣ ਵਾਲੀ ਇਸ ਸਰਕਾਰ ਵਿੱਚ ਸੂਬੇ ਅੰਦਰ ਨਾ ਤਾਂ ਕਾਨੂੰਨ ਵਿਵਸਥਾ ਬਚੀ ਹੈ ਅਤੇ ਨਾ ਹੀ ਵਿਕਾਸ ਨਜ਼ਰ ਆ ਰਿਹਾ ਹੈ

ਮੋਗਾ ਦੀ ‘ਬਦਲਾਅ ਰੈਲੀ’ ‘ਤੇ ਟਿਕੀਆਂ ਸਭ ਦੀਆਂ ਨਜ਼ਰਾਂ
ਗ੍ਰਹਿ ਮੰਤਰੀ ਨੇ ਮੋਗਾ ਦੇ ਕਿੱਲੀ ਚਾਹਲ ਵਿਖੇ ਹੋਣ ਵਾਲੀ ਰੈਲੀ ਨੂੰ ਲੈ ਕੇ ਉਤਸ਼ਾਹ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਭੈਣਾਂ-ਭਰਾਵਾਂ ਨਾਲ ਸਿੱਧਾ ਸੰਵਾਦ ਕਰਨ ਲਈ ਕਾਫੀ ਉਤਸ਼ਾਹਿਤ ਹਨ। ਭਾਜਪਾ ਦਾ ਦਾਅਵਾ ਹੈ ਕਿ ਇਹ ਰੈਲੀ ਪੰਜਾਬ ਦੀ ਸਿਆਸਤ ਵਿੱਚ ਇੱਕ ਨਵੀਂ ਦਿਸ਼ਾ ਤੈਅ ਕਰੇਗੀ

ਭਾਜਪਾ ਦਾ ਪੰਜਾਬ ਲਈ ‘ਰੋਡਮੈਪ’
ਸੂਬਾ ਭਾਜਪਾ ਆਗੂਆਂ ਅਨੁਸਾਰ, ਅਮਿਤ ਸ਼ਾਹ ਇਸ ਰੈਲੀ ਦੌਰਾਨ ਪੰਜਾਬ ਨੂੰ ਗੁੰਡਾਗਰਦੀ ਅਤੇ ਨਸ਼ਿਆਂ ਦੇ ਜਾਲ ਵਿੱਚੋਂ ਕੱਢਣ ਲਈ ਪਾਰਟੀ ਦਾ ਖ਼ਾਸ ਵਿਜ਼ਨ ਸਾਂਝਾ ਕਰਨਗੇ। ਪਾਰਟੀ ਦਾ ਮੰਨਣਾ ਹੈ ਕਿ ਪੰਜਾਬ ਦੀ ਜਨਤਾ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਚੁੱਕੀ ਹੈ ਅਤੇ ਹੁਣ ਇੱਕ ਮਜ਼ਬੂਤ ਬਦਲ ਦੀ ਤਲਾਸ਼ ਵਿੱਚ ਹੈ।

ਅਮਿਤ ਸ਼ਾਹ ਦੇ ਇਸ ਦੌਰੇ ਅਤੇ ਤਿੱਖੇ ਬਿਆਨਾਂ ਨੇ ਸੂਬੇ ਦੀ ਸਿਆਸਤ ਵਿੱਚ ਗਰਮਾਹਟ ਪੈਦਾ ਕਰ ਦਿੱਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਆਮ ਆਦਮੀ ਪਾਰਟੀ ਇਨ੍ਹਾਂ ਦੋਸ਼ਾਂ ਦਾ ਕੀ ਜਵਾਬ ਦਿੰਦੀ ਹੈ