ਤਲਾਕ ਤੋਂ ਬਾਅਦ ਪਤਨੀ ਨੇ ਢੋਲ ਦੀ ਥਾਪ ‘ਤੇ ਪਾਇਆ ਭੰਗੜਾ

ਜਲੰਧਰ: ਅਦਾਲਤ ਤੋਂ ਤਲਾਕ ਮਿਲਣ ਤੋਂ ਬਾਅਦ ਜਿੱਥੇ ਅਕਸਰ ਲੋਕ ਗਮਗੀਨ ਹੁੰਦੇ ਹਨ, ਉੱਥੇ ਹੀ ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਮਹਿਲਾ ਨੇ ਆਪਣੇ ਮੇਜਰ ਪਤੀ ਨਾਲੋਂ ਤਲਾਕ ਮਿਲਣ ਦੀ ਖੁਸ਼ੀ ਵਿੱਚ ਅਦਾਲਤ ਦੇ ਬਾਹਰ ਢੋਲ ਵਜਾ ਕੇ ਜਸ਼ਨ ਮਨਾਇਆ ਅਤੇ ਜੰਮ ਕੇ ਡਾਂਸ ਕੀਤਾ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ

ਕੀ ਹੈ ਪੂਰਾ ਵਿਵਾਦ?
ਮੇਰਠ ਦੀ ਰਹਿਣ ਵਾਲੀ ਪ੍ਰਣਿਤਾ ਸ਼ਰਮਾ ਦਾ ਵਿਆਹ 14 ਦਸੰਬਰ 2018 ਨੂੰ ਭਾਰਤੀ ਸੈਨਾ ਵਿੱਚ ਤਾਇਨਾਤ ਮੇਜਰ ਗੌਰਵ ਅਗਨੀਹੋਤਰੀ ਨਾਲ ਹੋਇਆ ਸੀ। ਮੇਜਰ ਗੌਰਵ ਇਸ ਸਮੇਂ ਜਲੰਧਰ ਕੈਂਟ ਵਿੱਚ ਤਾਇਨਾਤ ਦੱਸੇ ਜਾ ਰਹੇ ਹਨ। ਵਿਆਹ ਦੇ ਕੁਝ ਸਮੇਂ ਬਾਅਦ ਹੀ ਦੋਵਾਂ ਵਿਚਾਲੇ ਅਣਬਣ ਸ਼ੁਰੂ ਹੋ ਗਈ। ਲੰਬੀ ਕਾਨੂੰਨੀ ਲੜਾਈ ਤੋਂ ਬਾਅਦ, 4 ਅਪ੍ਰੈਲ 2026 ਨੂੰ ਅਦਾਲਤ ਨੇ ਦੋਵਾਂ ਦੇ ਤਲਾਕ ‘ਤੇ ਮੋਹਰ ਲਗਾ ਦਿੱਤੀ

ਤਲਾਕ ਦੇ ਤੁਰੰਤ ਬਾਅਦ ਪ੍ਰਣਿਤਾ ਵੱਲੋਂ ਮਨਾਏ ਗਏ ਜਸ਼ਨ ਨੇ ਫੌਜੀ ਪਰਿਵਾਰ ਨੂੰ ਸਦਮੇ ਵਿੱਚ ਪਾ ਦਿੱਤਾ ਹੈ। ਮੇਜਰ ਦੇ ਪਿਤਾ, ਸੇਵਾਮੁਕਤ ਸੂਬੇਦਾਰ ਸ਼ਿਆਮ ਕਿਸ਼ੋਰ ਅਗਨੀਹੋਤਰੀ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਇਸ ਜਨਤਕ ਬਦਨਾਮੀ ਕਾਰਨ ਡਿਪਰੈਸ਼ਨ (ਮਾਨਸਿਕ ਤਣਾਅ) ਵਿੱਚ ਚਲਾ ਗਿਆ ਹੈ

ਸਹੁਰਾ ਪਰਿਵਾਰ ਦੇ ਇਲਜ਼ਾਮ: “ਸਮਝੌਤੇ ਦੀਆਂ ਉਲੰਘਣਾ ਕੀਤੀ”
ਮੇਜਰ ਦੇ ਪਿਤਾ ਦਾ ਕਹਿਣਾ ਹੈ ਕਿ ਅਦਾਲਤ ਵਿੱਚ ਹੋਏ ਸਮਝੌਤੇ ਤਹਿਤ ਇਹ ਸ਼ਰਤ ਰੱਖੀ ਗਈ ਸੀ ਕਿ ਕੋਈ ਵੀ ਪੱਖ ਇੱਕ-ਜੂਜੇ ਦੀ ਸਮਾਜਿਕ ਦਿੱਖ ਖਰਾਬ ਨਹੀਂ ਕਰੇਗਾ। ਉਨ੍ਹਾਂ ਦੋਸ਼ ਲਾਇਆ ਕਿ:

ਪ੍ਰਣਿਤਾ ਨੇ ਮੀਡੀਆ ਵਿੱਚ ਬਿਆਨਬਾਜ਼ੀ ਕਰਕੇ ਅਤੇ ਜਸ਼ਨ ਮਨਾ ਕੇ ਸਮਝੌਤੇ ਦੀ ਉਲੰਘਣਾ ਕੀਤੀ ਹੈ।

ਪਰਿਵਾਰ ਨੇ ਉਸਦੀ ਬੀਮਾਰੀ ਅਤੇ ਬੱਚੇ ਦੇ ਜਨਮ ਵੇਲੇ ਬਹੁਤ ਸੇਵਾ ਕੀਤੀ, ਪਰ ਬਦਲੇ ਵਿੱਚ ਬਦਨਾਮੀ ਮਿਲੀ। ਮੇਜਰ ਦੀ ਮਾਂ ਅਨੀਤਾ ਅਗਨੀਹੋਤਰੀ ਨੇ ਵੀ ਪ੍ਰਣਿਤਾ ਦੇ ਪਰਿਵਾਰ ‘ਤੇ ਸਾਜ਼ਿਸ਼ ਰਚਣ ਦੇ ਗੰਭੀਰ ਦੋਸ਼ ਲਾਏ ਹਨ

ਪਤਨੀ ਦਾ ਪੱਖ: “7 ਸਾਲ ਦਾ ਜ਼ੁਲਮ ਖਤਮ ਹੋਇਆ”
ਦੂਜੇ ਪਾਸੇ, ਪ੍ਰਣਿਤਾ ਸ਼ਰਮਾ ਜੋ ਕਿ ਖੁਦ ਇੱਕ ਜੂਡੀਸ਼ੀਅਲ ਅਕੈਡਮੀ ਨਾਲ ਜੁੜੀ ਹੋਈ ਹੈ, ਨੇ ਆਪਣੇ ਜਸ਼ਨ ਨੂੰ ‘ਆਜ਼ਾਦੀ’ ਦਾ ਨਾਂ ਦਿੱਤਾ ਹੈ। ਉਸ ਦਾ ਕਹਿਣਾ ਹੈ:

“ਮੈਂ ਪਿਛਲੇ ਸੱਤ ਸਾਲਾਂ ਤੋਂ ਮਾਨਸਿਕ ਅਤੇ ਸਰੀਰਕ ਤਸ਼ੱਦਦ ਸਹਿਆ ਹੈ। ਔਰਤਾਂ ਨੂੰ ਚੁੱਪ ਨਹੀਂ ਰਹਿਣਾ ਚਾਹੀਦਾ। ਪਹਿਲਾਂ ਖੁਦ ਨੂੰ ਪੜ੍ਹਾਓ, ਆਤਮ-ਨਿਰਭਰ ਬਣੋ ਅਤੇ ਫਿਰ ਆਪਣੇ ਹੱਕਾਂ ਲਈ ਖੜ੍ਹੇ ਹੋਵੋ।”

ਪ੍ਰਣਿਤਾ ਦੇ ਪਿਤਾ, ਜੋ ਕਿ ਇੱਕ ਸੇਵਾਮੁਕਤ ਜੱਜ ਹਨ, ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਸਹੁਰੇ ਘਰ ਬਹੁਤ ਦੁਖੀ ਸੀ ਅਤੇ ਉਸ ਨੂੰ ਸਨਮਾਨ ਨਾਲ ਵਾਪਸ ਘਰ ਲਿਆਉਣਾ ਉਨ੍ਹਾਂ ਦਾ ਫਰਜ਼ ਸੀ

ਸੋਸ਼ਲ ਮੀਡੀਆ ‘ਤੇ ਛਿੜੀ ਬਹਿਸ
ਇਸ ਘਟਨਾ ਨੇ ਸੋਸ਼ਲ ਮੀਡੀਆ ‘ਤੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਕੁਝ ਲੋਕ ਮਹਿਲਾ ਦੇ ਹੌਸਲੇ ਦੀ ਸ਼ਲਾਘਾ ਕਰ ਰਹੇ ਹਨ, ਜਦੋਂ ਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਇੱਕ ਫੌਜੀ ਅਧਿਕਾਰੀ ਦੇ ਪਰਿਵਾਰ ਨੂੰ ਇਸ ਤਰ੍ਹਾਂ ਜਨਤਕ ਤੌਰ ‘ਤੇ ਜ਼ਲੀਲ ਕਰਨਾ ਗਲਤ ਹੈ