ਪੰਜਾਬ ਲਈ ਵੱਡਾ ਐਲਾਨ: ਰਾਜਪੁਰਾ ਰੇਲਵੇ ਬਾਈਪਾਸ ਲਾਈਨ ਲਈ 411.96 ਕਰੋੜ ਰੁਪਏ ਮਨਜ਼ੂਰ

ਰਾਜਪੁਰਾ: ਉੱਤਰੀ ਰੇਲਵੇ ਦੇ ਸਭ ਤੋਂ ਵਿਅਸਤ ਰੂਟਾਂ ਵਿੱਚੋਂ ਇੱਕ ਨੂੰ ਭੀੜ-ਭੜੱਕੇ ਤੋਂ ਮੁਕਤ ਕਰਨ ਲਈ ਕੇਂਦਰ ਸਰਕਾਰ ਨੇ ਅੱਜ ਇੱਕ ਅਹਿਮ ਫੈਸਲਾ ਲਿਆ ਹੈ। ਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਜਾਣਕਾਰੀ ਦਿੱਤੀ ਕਿ ਰੇਲਵੇ ਮੰਤਰਾਲੇ ਨੇ ਰਾਜਪੁਰਾ ਬਾਈਪਾਸ ਲਾਈਨ ਦੇ ਨਿਰਮਾਣ ਲਈ 411.96 ਕਰੋੜ ਰੁਪਏ ਦੀ ਅਧਿਕਾਰਤ ਮਨਜ਼ੂਰੀ ਦੇ ਦਿੱਤੀ ਹੈ

ਕੀ ਹੈ ਇਹ ਪ੍ਰੋਜੈਕਟ?
ਇਹ ਪ੍ਰੋਜੈਕਟ ਭਾਰਤੀ ਰੇਲਵੇ ਦੇ “ਅੰਬਰੇਲਾ ਵਰਕ 2025-26” ਦਾ ਹਿੱਸਾ ਹੈ। ਇਸ ਦੇ ਤਹਿਤ:

ਲੰਬਾਈ: 13.46 ਕਿਲੋਮੀਟਰ ਲੰਬੀ ਨਵੀਂ ਬਾਈਪਾਸ ਲਾਈਨ ਬਣਾਈ ਜਾਵੇਗੀ

ਕੁਨੈਕਟੀਵਿਟੀ: ਇਹ ਲਾਈਨ ਨਿਊ ਸ਼ੰਭੂ ਡੈਡੀਕੇਟਿਡ ਫਰੇਟ ਕੋਰੀਡੋਰ (DFC) ਸਟੇਸ਼ਨ ਨੂੰ ਮੌਜੂਦਾ ਰਾਜਪੁਰਾ-ਬਠਿੰਡਾ ਲਾਈਨ ‘ਤੇ ਸਥਿਤ ਕੌਲੀ ਸਟੇਸ਼ਨ ਨਾਲ ਜੋੜੇਗੀ

ਉਦੇਸ਼: ਇਸ ਦਾ ਮੁੱਖ ਮਕਸਦ ਰਾਜਪੁਰਾ ਯਾਰਡ ‘ਤੇ ਟ੍ਰੈਫਿਕ ਦੇ ਬੋਝ ਨੂੰ ਘੱਟ ਕਰਨਾ ਹੈ, ਜੋ ਇਸ ਵੇਲੇ ਆਪਣੀ ਸਮਰੱਥਾ ਤੋਂ ਕਿਤੇ ਜ਼ਿਆਦਾ ਚੱਲ ਰਿਹਾ ਹੈ

ਬਾਈਪਾਸ ਦੀ ਲੋੜ ਕਿਉਂ ਪਈ?
ਰਵਨੀਤ ਬਿੱਟੂ ਨੇ ਦੱਸਿਆ ਕਿ ਅੰਬਾਲਾ-ਜਲੰਧਰ ਸੈਕਸ਼ਨ ਉੱਤਰੀ ਰੇਲਵੇ ਦੇ ਸਭ ਤੋਂ ਰੁਝੇਵਿਆਂ ਵਾਲੇ ਹਿੱਸਿਆਂ ਵਿੱਚੋਂ ਇੱਕ ਹੈ।

ਵਧਦਾ ਟ੍ਰੈਫਿਕ: ਜੇਕਰ ਹੁਣੇ ਕੋਈ ਕਦਮ ਨਾ ਚੁੱਕਿਆ ਗਿਆ, ਤਾਂ 2030-31 ਤੱਕ ਇਸ ਖੇਤਰ ਵਿੱਚ ਟ੍ਰੈਫਿਕ ਦੀ ਵਰਤੋਂ ਸਮਰੱਥਾ 165 ਫੀਸਦੀ ਤੋਂ ਵੱਧ ਜਾਣ ਦਾ ਖ਼ਦਸ਼ਾ ਹੈ।

ਰਾਜਪੁਰਾ ਯਾਰਡ ਦੀ ਸਮੱਸਿਆ: ਵਰਤਮਾਨ ਵਿੱਚ ਟ੍ਰੇਨਾਂ ਨੂੰ ਰਾਜਪੁਰਾ ਯਾਰਡ ਵਿੱਚੋਂ ਲੰਘਣਾ ਪੈਂਦਾ ਹੈ, ਜਿਸ ਨਾਲ ਕਾਫੀ ਦੇਰੀ ਹੁੰਦੀ ਹੈ।

ਪ੍ਰੋਜੈਕਟ ਦੇ ਮੁੱਖ ਫਾਇਦੇ


ਸਮੇਂ ਦੀ ਬਚਤ: ਨਵੀਂ ਲਾਈਨ ਰਾਹੀਂ ਟ੍ਰੇਨਾਂ ਸਿੱਧਾ ਬਾਈਪਾਸ ਹੋ ਕੇ ਨਿਕਲ ਜਾਣਗੀਆਂ, ਜਿਸ ਨਾਲ ਰਾਜਪੁਰਾ ਯਾਰਡ ਵਿੱਚ ਹੋਣ ਵਾਲੀ ਦੇਰੀ ਖ਼ਤਮ ਹੋਵੇਗੀ।

ਮਾਲ ਗੱਡੀਆਂ ਦੀ ਤੇਜ਼ ਰਫ਼ਤਾਰ: ਨਿਊ ਸ਼ੰਭੂ ਡੀਐਫਸੀ (DFC) ਨਾਲ ਸਿੱਧਾ ਸੰਪਰਕ ਹੋਣ ਕਾਰਨ ਮਾਲ-ਢੋਆ-ਢੁਆਈ ਹੋਰ ਵੀ ਤੇਜ਼ ਅਤੇ ਸੁਖਾਲੀ ਹੋ ਜਾਵੇਗੀ।

ਯਾਤਰੀਆਂ ਨੂੰ ਸਹੂਲਤ: ਮਾਲ ਗੱਡੀਆਂ ਦੇ ਬਾਈਪਾਸ ਹੋਣ ਨਾਲ ਯਾਤਰੀ ਟ੍ਰੇਨਾਂ ਦੇ ਸੰਚਾਲਨ ਵਿੱਚ ਵੀ ਸੁਧਾਰ ਹੋਵੇਗਾ

ਮੰਤਰੀ ਬਿੱਟੂ ਨੇ ਕਿਹਾ ਕਿ ਇਹ ਮਨਜ਼ੂਰੀ ਖੇਤਰ ਦੇ ਰੇਲਵੇ ਬੁਨਿਆਦੀ ਢਾਂਚੇ ਨੂੰ ਆਧੁਨਿਕ ਬਣਾਉਣ ਵੱਲ ਇੱਕ ਵੱਡਾ ਕਦਮ ਹੈ, ਜੋ ਦੇਸ਼ ਦੀਆਂ ਵਧਦੀਆਂ ਆਵਾਜਾਈ ਲੋੜਾਂ ਨੂੰ ਪੂਰਾ ਕਰਨ ਵਿੱਚ ਸਹਾਇਕ ਹੋਵੇਗਾ