ਘਨੌਲੀ ਬੱਸ ਸਟੈਂਡ ਨੇੜੇ ਅੱਜ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਪੁਲੀਸ ਦੇ ਏ.ਐਸ.ਆਈ. ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ, ਪੁਲੀਸ ਲਾਈਨ ਰੂਪਨਗਰ ਵਿਖੇ ਤੈਨਾਤ ਏ.ਐਸ.ਆਈ. ਅਸ਼ਵਨੀ ਦਿਵੇਦੀ (ਪੁੱਤਰ ਰਾਮ ਮੂਰਤੀ ਦਿਵੇਦੀ), ਵਾਸੀ ਪਿੰਡ ਬਰਾਰੀ, ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ।
ਟੱਕਰ ਕਾਰਨ ਏ.ਐਸ.ਆਈ. ਅਸ਼ਵਨੀ ਦਿਵੇਦੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਮੌਕੇ ’ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਘਨੌਲੀ ਦੀ ਟੀਮ ਵੱਲੋਂ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਤੁਰੰਤ ਸਰਕਾਰੀ ਹਸਪਤਾਲ ਰੂਪਨਗਰ ਪਹੁੰਚਾਇਆ ਗਿਆ, ਪਰ ਉਨ੍ਹਾਂ ਨੇ ਇਲਾਜ ਦੌਰਾਨ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ।
ਇਸ ਸਬੰਧੀ ਪੁਲੀਸ ਚੌਕੀ ਘਨੌਲੀ ਦੇ ਇੰਚਾਰਜ ਸੋਹਣ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੂਪਨਗਰ ਦੇ ਮੁਰਦਾਘਰ ਵਿੱਚ ਰੱਖਵਾਇਆ ਗਿਆ ਹੈ। ਪੁਲੀਸ ਵੱਲੋਂ ਅਣਪਛਾਤੇ ਵਾਹਨ ਦੀ ਭਾਲ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
