ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ਅੱਜ ਤੋਂ ਮੋਹਾਲੀ ’ਚ, ਭਾਰਤ ਦਾ ਦੱਖਣੀ ਕੋਰੀਆ ਨਾਲ ਹੋਵੇਗਾ ਟਾਕਰਾ

ਮੋਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ’ਚ ਪਹਿਲੀ ਵਾਰ ਖੇਡਿਆ ਜਾਵੇਗਾ ਅੰਤਰਰਾਸ਼ਟਰੀ ਹਾਕੀ ਮੁਕਾਬਲਾ, ਖਿਤਾਬੀ ਦੌੜ ਲਈ ਚਾਰ ਟੀਮਾਂ ਵਿਚਾਲੇ ਹੋਵੇਗੀ ਜ਼ਬਰਦਸਤ ਟੱਕਰ

ਮੋਹਾਲੀ: ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ਮੁਕਾਬਲੇ ਅੱਜ ਤੋਂ ਮੋਹਾਲੀ ਵਿਖੇ ਸ਼ੁਰੂ ਹੋ ਰਹੇ ਹਨ। ਖਿਤਾਬ ਜਿੱਤਣ ਦੀ ਦੌੜ ਵਿੱਚ ਭਾਰਤ, ਦੱਖਣੀ ਕੋਰੀਆ, ਜਾਪਾਨ ਅਤੇ ਮਲੇਸ਼ੀਆ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਪਹਿਲੇ ਸੈਮੀਫਾਈਨਲ ਵਿੱਚ ਭਾਰਤੀ ਟੀਮ ਦਾ ਮੁਕਾਬਲਾ ਦੱਖਣੀ ਕੋਰੀਆ ਨਾਲ ਹੋਵੇਗਾ, ਜਦਕਿ ਦੂਜੇ ਸੈਮੀਫਾਈਨਲ ਵਿੱਚ ਜਾਪਾਨ ਅਤੇ ਮਲੇਸ਼ੀਆ ਵਿਚਾਲੇ ਟੱਕਰ ਹੋਵੇਗੀ।

ਇਸ ਟੂਰਨਾਮੈਂਟ ਲਈ ਮੋਹਾਲੀ ਦਾ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਵੀ ਇਤਿਹਾਸ ਰਚਣ ਜਾ ਰਿਹਾ ਹੈ। ਇਸ ਸਟੇਡੀਅਮ ਵਿੱਚ ਪਹਿਲੀ ਵਾਰ ਕੋਈ ਅੰਤਰਰਾਸ਼ਟਰੀ ਹਾਕੀ ਮੁਕਾਬਲਾ ਖੇਡਿਆ ਜਾਵੇਗਾ, ਜੋ ਪੰਜਾਬ ਦੇ ਖੇਡ ਇਤਿਹਾਸ ਲਈ ਇੱਕ ਅਹਿਮ ਪਲ ਹੋਵੇਗਾ।

ਭਾਰਤੀ ਟੀਮ ਨੇ ਹੁਣ ਤੱਕ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਸਾਰੇ ਪੰਜ ਲੀਗ ਮੁਕਾਬਲੇ ਜਿੱਤੇ ਹਨ ਅਤੇ ਅਜੇਤੂ ਰਹਿੰਦਿਆਂ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ ਹੈ। ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦਾ ਪ੍ਰਦਰਸ਼ਨ ਵੀ ਖਾਸ ਰਿਹਾ ਹੈ। ਉਹ ਹੁਣ ਤੱਕ 9 ਗੋਲ ਕਰਕੇ ਟੂਰਨਾਮੈਂਟ ਦੇ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਬਣੇ ਹੋਏ ਹਨ।

ਦੂਜੇ ਪਾਸੇ, ਪੰਜਵੇਂ ਸਥਾਨ ਲਈ ਚੀਨ ਅਤੇ ਬੰਗਲਾਦੇਸ਼ ਦੀਆਂ ਟੀਮਾਂ ਵਿਚਾਲੇ ਮੁਕਾਬਲਾ ਖੇਡਿਆ ਜਾਵੇਗਾ। ਹੁਣ ਸਾਰਿਆਂ ਦੀਆਂ ਨਜ਼ਰਾਂ ਸੈਮੀਫਾਈਨਲ ਮੁਕਾਬਲਿਆਂ ’ਤੇ ਟਿਕੀਆਂ ਹੋਈਆਂ ਹਨ, ਜਿੱਥੇ ਜਿੱਤ ਦਰਜ ਕਰਨ ਵਾਲੀਆਂ ਟੀਮਾਂ ਖਿਤਾਬੀ ਮੁਕਾਬਲੇ ਵਿੱਚ ਆਪਣੀ ਜਗ੍ਹਾ ਪੱਕੀ ਕਰਨਗੀਆਂ।