ਮਨ ਪਸੰਦ ਸਬਜ਼ੀ ਨਾ ਬਨਣ ਤੇ ਮੁੰਡੇ ਨੇ ਮਾਂ ਨੂੰ ਰੋਡ ਨਾਲ ਕੁੱਟਿਆ, ਛੱਤ ਤੋਂ ਸੁੱਟ ਉਤਾਰਿਆ ਮੌਤ ਦੇ ਘਾਟ

ਲੁਧਿਆਣਾ: ਨਿਊ ਅਸ਼ੋਕ ਨਗਰ ਤੋਂ ਇੱਕ ਬੇਹਦ ਹੀ ਮੰਦਭਾਗੀ ਖਬਰ ਆ ਰਹੀ ਹੈ ਜਿੱਥੇ ਇੱਕ ਕਲਯੁਗੀ ਪੁੱਤਰ ਨੇ ਆਪਣੀ ਮਨ ਪੰਸਦ ਸਬਜ਼ੀ ਨਾ ਬਨਣ ਤੇ ਆਪਣੀ ਮਾਂ ਨੂੰ ਛੱਤ ਤੋਂ ਹੇਠਾਂ ਸੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮਾਮਲਾ ਨਿਊ ਅਸ਼ੋਕ ਨਗਰ, ਸਲੇਮ ਟਾਬਰੀ ਦਾ ਦੱਸਿਆ ਜਾ ਰਿਹਾ ਹੈ। ਜਿੱਥੇ ਇੱਕ ਨੌਜਵਾਨ ਨੇ ਆਪਣੀ ਪਸੰਦੀਦਾ ਸਬਜ਼ੀ ਘਰ ਵਿੱਚ ਨਾ ਬਣਨ ਕਾਰਨ ਪਹਿਲਾਂ ਆਪਣੀ ਮਾਂ ਨੂੰ ਕੁੱਟਿਆ ਤੇ ਫੇਰ ਛੱਤ ਤੋਂ ਹੇਠਾਂ ਸੁੱਟ ਦਿੱਤਾ। ਇੰਨ੍ਹਾ ਹੀ ਨਹੀਂ ਜਦੋਂ ਪਿਤਾ ਨੇ ਪੁੱਤਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣੇ ਪਿਤਾ ਨੂੰ ਵੀ ਕੁੱਟਿਆ। ਮ੍ਰਿਤਕਾ ਦੀ ਪਛਾਣ 70 ਸਾਲਾ ਚਰਨਜੀਤ ਕੌਰ ਵਜੋਂ ਹੋਈ ਹੈ। ਮੁਲਜ਼ਮ ਖ਼ਿਲਾਫ਼ ਥਾਣਾ ਸਲੇਮ ਟਾਬਰੀ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।

ਉੱਥੇਂ ਹੀ ਮ੍ਰਿਤਕਾ ਦੇ ਪਤੀ ਗੁਰਚਰਨ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਲੜਕੇ ਹਨ। ਛੋਟਾ ਪੁੱਤਰ ਸੁਰਿੰਦਰ ਸਿੰਘ ਉਰਫ ਟਿੰਕੂ ਕੰਮ ਨਹੀਂ ਕਰਦਾ। ਉਹ ਹਰ ਰੋਜ਼ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਘਰ ਵਿਚ ਝਗੜਾ ਕਰਦਾ ਰਹਿੰਦਾ ਸੀ। ਸੋਮਵਾਰ ਨੂੰ ਵੀ ਕੁਝ ਅਜਿਹਾ ਹੀ ਹੋਇਆ। ਦੁਪਹਿਰ ਵੇਲੇ ਸੁਰਿੰਦਰ ਸਿੰਘ ਨੇ ਸਬਜ਼ੀ ਉਸ ਦੀ ਪਸੰਦ ਦੀ ਨਾ ਬਣਨ ਕਾਰਨ ਝਗੜਾ ਸ਼ੁਰੂ ਕਰ ਦਿੱਤਾ। ਪਹਿਲਾਂ ਉਸ ਨੇ ਘਰ ਦੀ ਪਹਿਲੀ ਮੰਜ਼ਿਲ ‘ਤੇ ਮਾਂ ਨਾਲ ਝਗੜਾ ਕੀਤਾ ਅਤੇ ਫਿਰ ਉਸ ਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ। ਇਸ ਤੋਂ ਬਾਅਦ ਵੀ ਉਸ ਦਾ ਗੁੱਸਾ ਠੰਢਾ ਨਾ ਹੋਇਆ ਤਾਂ ਉਸ ਨੇ ਜ਼ਖਮੀ ਚਰਨਜੀਤ ਨੂੰ ਗਲੀ ਵਿਚ ਵੀ ਕੁੱਟਣਾ ਜਾਰੀ ਰੱਖਿਆ।

ਪਿਤਾ ਨੇ ਰੋਕਿਆ ਤੇ ਉਸ ਤੇ ਵੀ ਕੀਤਾ ਹਮਲਾ

ਗੁਰਚਰਨ ਸਿੰਘ ਅਨੁਸਾਰ ਜਦੋਂ ਉਹ ਬਚਾਅ ਲਈ ਆਇਆ ਤਾਂ ਉਸ ’ਤੇ ਵੀ ਪੁੱਤਰ ਵੱਲੋਂ ਹਮਲਾ ਕਰ ਦਿੱਤਾ ਗਿਆ। ਹਮਲੇ ‘ਚ ਉਹ ਵੀ ਜ਼ਖਮੀ ਹੋ ਗਿਆ। ਮੁਹੱਲਾ ਵਾਸੀਆਂ ਦੀ ਮਦਦ ਨਾਲ ਚਰਨਜੀਤ ਕੌਰ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਹਸਪਤਾਲ ‘ਚ ਇਲਾਜ ਅਧੀਨ ਚਰਨਜੀਤ ਕੌਰ ਨੇ ਮੰਗਲਵਾਰ ਨੂੰ ਦਮ ਤੋੜ ਦਿੱਤਾ।