ਨਾਭਾ: ਥਾਣਾ ਭਾਦਸੋਂ ਦੇ ਅਧੀਨ ਆਉਂਦੇ ਪਿੰਡ ਜੱਸੋਮਾਜਰਾ ਵਿੱਚ ਬੀਤੇ ਦਿਨੀਂ ਵਾਪਰੇ ਨੌਜਵਾਨ ਦੇ ਕਤਲ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਮਾਮਲੇ ਦੀ ਜਾਂਚ ਕਰਦਿਆਂ ਪੁਲਿਸ ਵੱਲੋਂ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਸ ਸਬੰਧੀ ਅੱਜ ਥਾਣਾ ਭਾਦਸੋਂ ਵਿਖੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਨਾਭਾ ਦੇ ਡੀਐਸਪੀ ਗੁਰਿੰਦਰ ਸਿੰਘ ਬੱਲ ਨੇ ਦੱਸਿਆ ਕਿ 20 ਅਤੇ 21 ਜਨਵਰੀ ਦੀ ਦਰਮਿਆਨੀ ਰਾਤ ਨੂੰ ਪਿੰਡ ਜੱਸੋਮਾਜਰਾ ਵਿੱਚ ਸੰਦੀਪ ਸਿੰਘ ਉਰਫ਼ ਦੀਪੂ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਦੀ ਸੂਚਨਾ ਮ੍ਰਿਤਕ ਦੇ ਪਰਿਵਾਰ ਵੱਲੋਂ ਥਾਣਾ ਭਾਦਸੋਂ ਵਿਖੇ ਦਿੱਤੀ ਗਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ।
ਸ਼ੱਕ ਦੇ ਆਧਾਰ ‘ਤੇ ਭਰਾ ਗ੍ਰਿਫ਼ਤਾਰ
ਜਾਂਚ ਦੌਰਾਨ ਪੁਲਿਸ ਨੇ ਕਤਲ ਦੇ ਮਾਮਲੇ ਵਿੱਚ ਮ੍ਰਿਤਕ ਦੇ ਭਰਾ ਪਰਮਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ, ਵਾਸੀ ਪਿੰਡ ਜੱਸੋਮਾਜਰਾ, ਨੂੰ ਸ਼ੱਕ ਦੇ ਆਧਾਰ ‘ਤੇ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਉਸ ਵੱਲੋਂ ਕਤਲ ਕਰਨ ਦੀ ਪੁਸ਼ਟੀ ਹੋਈ।
ਜ਼ਮੀਨ ਹੜੱਪਣ ਦੀ ਲਾਲਚ ਬਣੀ ਕਤਲ ਦੀ ਵਜ੍ਹਾ
ਡੀਐਸਪੀ ਗੁਰਿੰਦਰ ਸਿੰਘ ਬੱਲ ਨੇ ਦੱਸਿਆ ਕਿ ਮੁਲਜ਼ਮ ਪਰਮਿੰਦਰ ਸਿੰਘ ਸ਼ਰਾਬ ਪੀਣ ਦਾ ਆਦੀ ਸੀ, ਜਦਕਿ ਮ੍ਰਿਤਕ ਸੰਦੀਪ ਸਿੰਘ ਉਰਫ਼ ਦੀਪੂ ਕੁਆਰਾ ਸੀ। ਆਪਣੇ ਭਰਾ ਦੀ ਜ਼ਮੀਨ ਹੜੱਪਣ ਦੀ ਨੀਅਤ ਨਾਲ ਪਰਮਿੰਦਰ ਸਿੰਘ ਨੇ ਇਸ ਦਰਦਨਾਕ ਵਾਰਦਾਤ ਨੂੰ ਅੰਜਾਮ ਦਿੱਤਾ।
ਕਤਲ ਵਿੱਚ ਵਰਤੀ ਤੰਗਲੀ ਬਰਾਮਦ
ਉਨ੍ਹਾਂ ਦੱਸਿਆ ਕਿ ਥਾਣਾ ਭਾਦਸੋਂ ਦੇ ਮੁਖੀ ਸਬ ਇੰਸਪੈਕਟਰ ਗੁਰਨਾਮ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਵੱਲੋਂ ਮੁਲਜ਼ਮ ਪਰਮਿੰਦਰ ਸਿੰਘ ਨੂੰ ਕਤਲ ਵਿੱਚ ਵਰਤੀ ਗਈ ਤੰਗਲੀ ਸਮੇਤ ਕਾਬੂ ਕਰ ਲਿਆ ਗਿਆ ਹੈ ਅਤੇ ਮਾਮਲੇ ਸਬੰਧੀ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ।
ਮੁਲਜ਼ਮ ਅਦਾਲਤ ਵਿੱਚ ਪੇਸ਼
ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਪਰਮਿੰਦਰ ਸਿੰਘ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਜਾਰੀ ਹੈ ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
