ਫਰੀਦਕੋਟ : ਫਰੀਦਕੋਟ ਦੇ ਨਜ਼ਦੀਕੀ ਪਿੰਡ ਢੁੱਡੀ ਵਿੱਚ ਸ਼ੁੱਕਰਵਾਰ ਨੂੰ ਇੱਕ ਬੇਹੱਦ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਖੇਡਦੇ ਸਮੇਂ ਛੱਪੜ ਵਿੱਚ ਡਿੱਗਣ ਕਾਰਨ ਇੱਕ 5 ਸਾਲਾ ਬੱਚੇ ਦੀ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਅਭਿ, ਪੁੱਤਰ ਸੁਨੀਲ ਕੁਮਾਰ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ
ਕਿਵੇਂ ਵਾਪਰਿਆ ਹਾਦਸਾ?
ਜਾਣਕਾਰੀ ਅਨੁਸਾਰ ਸੁਨੀਲ ਕੁਮਾਰ ਦਾ ਪਰਿਵਾਰ ਪਿੰਡ ਦੇ ਛੱਪੜ ਦੇ ਨੇੜੇ ਹੀ ਰਹਿੰਦਾ ਹੈ। ਹਾਦਸੇ ਦੇ ਸਮੇਂ ਮਾਸੂਮ ਅਭਿ ਆਪਣੇ ਘਰ ਦੇ ਬਾਹਰ ਬੈਟ-ਬਾਲ ਨਾਲ ਖੇਡ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦੀ ਮਾਂ ਘਰ ਦੇ ਕੰਮ ਲਈ ਪਾਣੀ ਲੈਣ ਗਈ ਹੋਈ ਸੀ। ਖੇਡਦੇ-ਖੇਡਦੇ ਬੱਚੇ ਦੀ ਗੇਂਦ ਛੱਪੜ ਵਿੱਚ ਚਲੀ ਗਈ ਅਤੇ ਜਦੋਂ ਉਹ ਗੇਂਦ ਕੱਢਣ ਲਈ ਛੱਪੜ ਦੇ ਨੇੜੇ ਗਿਆ ਤਾਂ ਅਚਾਨਕ ਪੈਰ ਫਿਸਲਣ ਕਾਰਨ ਉਹ ਡੂੰਘੇ ਪਾਣੀ ਵਿੱਚ ਜਾ ਡਿੱਗਿਆ
NDRF ਦੀ ਟੀਮ ਨੇ ਕੱਢਿਆ ਬਾਹਰ
ਬੱਚੇ ਨੂੰ ਡੁੱਬਦਾ ਦੇਖ ਕੇ ਆਸ-ਪਾਸ ਦੇ ਲੋਕਾਂ ਨੇ ਰੌਲਾ ਪਾਇਆ ਅਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਬੱਚਾ ਪਾਣੀ ਵਿੱਚ ਪੂਰੀ ਤਰ੍ਹਾਂ ਗੁਆਚ ਚੁੱਕਾ ਸੀ। ਸੂਚਨਾ ਮਿਲਦੇ ਹੀ ਡੀ.ਐੱਸ.ਪੀ. ਤਰਲੋਚਨ ਸਿੰਘ ਅਤੇ ਥਾਣਾ ਸਦਰ ਦੇ ਐੱਸ.ਐੱਚ.ਓ. ਇੰਸਪੈਕਟਰ ਰਾਜੇਸ਼ ਕੁਮਾਰ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਬਠਿੰਡਾ ਤੋਂ NDRF ਦੀ ਟੀਮ ਨੂੰ ਬੁਲਾਇਆ।
NDRF ਦੀ ਟੀਮ ਨੇ ਕੁਝ ਹੀ ਮਿੰਟਾਂ ਦੀ ਮੁਸ਼ੱਕਤ ਤੋਂ ਬਾਅਦ ਬੱਚੇ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਿਆ। ਉਸ ਨੂੰ ਤੁਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਲਿਜਾਇਆ ਗਿਆ, ਪਰ ਅਫ਼ਸੋਸ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ
ਪਿੰਡ ਵਿੱਚ ਮਾਤਮ ਦਾ ਮਾਹੌਲ
ਪਿੰਡ ਦੇ ਸਰਪੰਚ ਜਲੌਰ ਸਿੰਘ ਨੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਨੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦਿੱਤਾ ਹੈ ਅਤੇ ਪੂਰਾ ਪਿੰਡ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਹੈ
