‘ਬਿਨਾਂ ਸ਼ਰਤ ਸਰੈਂਡਰ ਕਰੇ’ IRAN : ਟਰੰਪ

ਵਾਸ਼ਿੰਗਟਨ: ਮਿਡਲ ਈਸਟ ਵਿੱਚ ਵਧਦੇ ਤਣਾਅ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਪ੍ਰਤੀ ਆਪਣਾ ਸਖ਼ਤ ਰੁਖ਼ ਜ਼ਾਹਿਰ ਕੀਤਾ ਹੈ। ਸ਼ੁੱਕਰਵਾਰ ਨੂੰ ਇੱਕ ਵੱਡਾ ਬਿਆਨ ਦਿੰਦਿਆਂ ਟਰੰਪ ਨੇ ਸਾਫ਼ ਕਰ ਦਿੱਤਾ ਹੈ ਕਿ ਈਰਾਨ ਨਾਲ ਉਦੋਂ ਤੱਕ ਕੋਈ ਸਮਝੌਤਾ ਨਹੀਂ ਹੋਵੇਗਾ, ਜਦੋਂ ਤੱਕ ਉਹ “ਬਿਨਾਂ ਸ਼ਰਤ ਆਤਮ ਸਮਰਪਣ” (Unconditional Surrender) ਨਹੀਂ ਕਰ ਦਿੰਦਾ

“MIGA” ਦਾ ਦਿੱਤਾ ਨਾਅਰਾ
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ (Truth Social) ‘ਤੇ ਇੱਕ ਪੋਸਟ ਰਾਹੀਂ ਆਪਣਾ ਨਵਾਂ ਏਜੰਡਾ ਸਾਂਝਾ ਕੀਤਾ। ਉਨ੍ਹਾਂ ਨੇ ਆਪਣੇ ਮਸ਼ਹੂਰ ਨਾਅਰੇ ‘MAGA’ ਦੀ ਤਰਜ਼ ‘ਤੇ ਈਰਾਨ ਲਈ “MAKE IRAN GREAT AGAIN (MIGA!)” ਦਾ ਨਾਅਰਾ ਦਿੱਤਾ ਹੈ। ਟਰੰਪ ਨੇ ਕਿਹਾ ਕਿ ਜੇਕਰ ਈਰਾਨ ਆਤਮ ਸਮਰਪਣ ਕਰਦਾ ਹੈ ਅਤੇ ਉੱਥੇ ਇੱਕ “ਵਧੀਆ ਅਤੇ ਸਵੀਕਾਰਯੋਗ” ਲੀਡਰਸ਼ਿਪ ਆਉਂਦੀ ਹੈ, ਤਾਂ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ ਈਰਾਨ ਨੂੰ ਆਰਥਿਕ ਤੌਰ ‘ਤੇ ਮੁੜ ਮਜ਼ਬੂਤ ਬਣਾਉਣ ਵਿੱਚ ਮਦਦ ਕਰਨਗੇ

ਟਰੰਪ ਦੀ ਪੋਸਟ ਦੇ ਮੁੱਖ ਅੰਸ਼:
ਕੋਈ ਸਮਝੌਤਾ ਨਹੀਂ: ਟਰੰਪ ਨੇ ਸਪੱਸ਼ਟ ਕੀਤਾ ਕਿ ਗੱਲਬਾਤ ਸਿਰਫ਼ ਪੂਰਨ ਆਤਮ ਸਮਰਪਣ ਤੋਂ ਬਾਅਦ ਹੀ ਸ਼ੁਰੂ ਹੋ ਸਕਦੀ ਹੈ। ਉਨ੍ਹਾਂ ਮੁਤਾਬਕ ਈਰਾਨ ਦਾ ਭਵਿੱਖ ਉਦੋਂ ਹੀ ਸੁਧਰ ਸਕਦਾ ਹੈ ਜਦੋਂ ਮੌਜੂਦਾ ਲੀਡਰਸ਼ਿਪ ਦੀ ਥਾਂ ਨਵੇਂ ਆਗੂ ਲੈਣਗੇ।

ਟਰੰਪ ਨੇ ਲਿਖਿਆ, “ਅਸੀਂ ਈਰਾਨ ਨੂੰ ਤਬਾਹੀ ਦੇ ਕੰਢੇ ਤੋਂ ਵਾਪਸ ਲਿਆਉਣ ਲਈ ਅਣਥੱਕ ਮਿਹਨਤ ਕਰਾਂਗੇ ਅਤੇ ਇਸਨੂੰ ਪਹਿਲਾਂ ਨਾਲੋਂ ਵੀ ਵੱਡਾ ਅਤੇ ਸ਼ਕਤੀਸ਼ਾਲੀ ਬਣਾਵਾਂਗੇ “

ਤਣਾਅ ਦਾ ਪਿਛੋਕੜ
ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਖਿੱਤੇ ਵਿੱਚ ਸਥਿਤੀ ਬਹੁਤ ਨਾਜ਼ੁਕ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨੀ ਖੇਤਰ ‘ਤੇ ਕੀਤੇ ਗਏ ਸਾਂਝੇ ਹਵਾਈ ਹਮਲਿਆਂ ਤੋਂ ਬਾਅਦ ਤਣਾਅ ਸਿਖਰ ‘ਤੇ ਪਹੁੰਚ ਗਿਆ ਹੈ। ਰਿਪੋਰਟਾਂ ਅਨੁਸਾਰ ਇਸ ਹਮਲੇ ਵਿੱਚ ਈਰਾਨ ਦੇ ਸੁਪਰੀਮ ਲੀਡਰ ਅਲੀ ਖ਼ਮੇਨੇਈ ਅਤੇ ਕਈ ਸੀਨੀਅਰ ਅਧਿਕਾਰੀ ਮਾਰੇ ਗਏ ਹਨ, ਜਿਸ ਕਾਰਨ ਈਰਾਨ ਵੱਲੋਂ ਵੀ ਸਖ਼ਤ ਜਵਾਬੀ ਕਾਰਵਾਈ ਦੀਆਂ ਧਮਕੀਆਂ ਮਿਲ ਰਹੀਆਂ ਹਨ

ਟਰੰਪ ਨੇ ਕਿਹਾ ਕਿ ਅਮਰੀਕਾ ਅਤੇ ਉਸ ਦੇ ਸਹਿਯੋਗੀ, ਖਾਸ ਕਰਕੇ ਇਜ਼ਰਾਈਲ, ਸਿਰਫ ਇੱਕੋ ਸ਼ਰਤ ‘ਤੇ ਰੁਕਣਗੇ ਅਤੇ ਉਹ ਹੈ ਈਰਾਨ ਦਾ ਪੂਰਨ ਸਮਰਪਣ