ਪੰਜਾਬ ਵਿੱਚ ਨਗਰ ਨਿਗਮ ਅਤੇ ਕੌਂਸਲ ਚੋਣਾਂ ਦੌਰਾਨ ਸਿਆਸੀ ਪਾਰਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਨੇਤਾਵਾਂ ਵਿਚਾਲੇ ਸ਼ਬਦੀ ਜੰਗ ਹੁਣ ਦਿਲਚਸਪ ਮੋੜ ਲੈ ਚੁੱਕੀ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਵੱਲੋਂ ਵੋਟਿੰਗ ਵਾਲੇ ਦਿਨ ਚੋਣ ਪ੍ਰਚਾਰ ਦੌਰਾਨ ਕੀਤੀ ਗਈ ਬੈਲ ਗੱਡੀ (ਰੇਹੜੇ) ਦੀ ਸਵਾਰੀ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਰਾਰਾ ਤਨਜ਼ ਕੱਸਿਆ ਹੈ
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਖ਼ਾਸ ਸ਼ਾਇਰਾਨਾ ਅਤੇ ਵਿਅੰਗਾਤਮਕ ਲਹਿਜ਼ੇ ਵਿੱਚ ਰਾਜਾ ਵੜਿੰਗ ’ਤੇ ਸਿਆਸੀ ਹਮਲਾ ਬੋਲਦਿਆਂ ਇਸ ਨੂੰ ‘ਮਾੜੇ ਦਿਨਾਂ ਦੀ ਨਿਸ਼ਾਨੀ’ ਦੱਸਿਆ ਹੈ।
CM ਮਾਨ ਦੀਆਂ ਇਹ ਸਤਰਾਂ ਸੋਸ਼ਲ ਮੀਡੀਆ ’ਤੇ ਵਾਇਰਲ:
“ਮਾੜੇ ਦਿਨਾਂ ਦੀ ਨਿਸ਼ਾਨੀ,
ਕੰਮਾਂ ਕਿਹੜਿਆਂ ਤੇ ਆ ਗਏ…
ਪ੍ਰਚਾਰ ਡਿਫੈਂਡਰਾਂ ਉੱਤੇ ਵੋਟ ਪਾਉਣ,
ਰੇਹੜਿਆਂ ਤੇ ਆ ਗਏ…
ਕੁਰਸੀ ਪਿੱਛੇ ਲੋਕੋ ਕਿਵੇਂ ਹੱਥ ਪੈਰ ਮਾਰਦੇ,
ਦੇਖ ਭਾਈ ਬਾਲਿਆ ਰੰਗ ਕਰਤਾਰ ਦੇ…”
ਕੀ ਹੈ ਪੂਰਾ ਮਾਮਲਾ?
ਚੋਣਾਂ ਦੌਰਾਨ ਵੀਆਈਪੀ ਗੱਡੀਆਂ (ਲਗਜ਼ਰੀ ਡਿਫੈਂਡਰ ਕਾਰਾਂ) ਵਿੱਚ ਘੁੰਮਣ ਵਾਲੇ ਸਿਆਸਤਦਾਨਾਂ ਦਾ ਅਚਾਨਕ ਬਦਲਿਆ ਅੰਦਾਜ਼ ਹਮੇਸ਼ਾ ਚਰਚਾ ਦਾ ਵਿਸ਼ਾ ਬਣਦਾ ਹੈ। ਵੋਟਿੰਗ ਵਾਲੇ ਦਿਨ ਰਾਜਾ ਵੜਿੰਗ ਅਤੇ ਉਨ੍ਹਾਂ ਦੀ ਪਤਨੀ ਵੱਲੋਂ ਰੇਹੜੇ/ਬੈਲ ਗੱਡੀ ‘ਤੇ ਸਵਾਰ ਹੋ ਕੇ ਨਿਕਲਣ ਨੂੰ ਮੁੱਖ ਮੰਤਰੀ ਨੇ ਸਿਰਫ਼ ਇੱਕ ‘ਸਿਆਸੀ ਡਰਾਮਾ’ ਅਤੇ ਕੁਰਸੀ ਹਾਸਲ ਕਰਨ ਲਈ ਮਾਰੇ ਜਾ ਰਹੇ ਹੱਥ-ਪੈਰ ਕਰਾਰ ਦਿੱਤਾ ਹੈ। ਸੀਐਮ ਮਾਨ ਨੇ ਤੰਜ ਕੱਸਦਿਆਂ ਕਿਹਾ ਕਿ ਜਨਤਾ ਸਭ ਜਾਣਦੀ ਹੈ ਕਿ ਚੋਣਾਂ ਵੇਲੇ ਰੇਹੜਿਆਂ ‘ਤੇ ਆਉਣ ਵਾਲੇ ਨੇਤਾ ਬਾਕੀ ਦਿਨ ਕਿਹੜੀਆਂ ਵੱਡੀਆਂ ਗੱਡੀਆਂ ਵਿੱਚ ਘੁੰਮਦੇ ਹਨ

