CM ਭਗਵੰਤ ਮਾਨ ਦੀ ਅਗਵਾਈ ‘ਚ 18 ਨਵੰਬਰ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਬੈਠਕ, ਅਹਿਮ ਫੈਸਲਿਆਂ ਦਾ ਹੋ ਸਕਦਾ ਐਲਾਨ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ 18 ਨਵੰਬਰ ਨੂੰ ਹੋਵੇਗੀ। ਸੂਤਰਾਂ ਮੁਤਾਬਿਕ ਇਹ ਬੈਠਕ ਦੁਪਹਿਰ 12 ਵਜੇ ਪੰਜਾਬ ਸਕੱਤਰੇਤ ਵਿਚ ਹੋਵੇਗੀ। ਸਰਕਾਰ ਇਸ ਮੀਟਿੰਗ ‘ਚ ਕਈ ਅਹਿਮ ਫੈਸਲਿਆਂ ਤੇ ਮੋਹਰ ਲਗਾ ਸਕਦੀ ਹੈ।

ਦੱਸ ਦਇਏ ਕਿ ਕੈਬਿਨੇਟ ਮੀਟਿੰਗ ‘ਚ ਅੰਮ੍ਰਿਤਸਰ ਵਿਖੇ ਅਗਲੇ ਸਾਲ ਹੋਣ ਵਾਲੀ ਜੀ-20 ਸਿਖਰ ਸੰਮੇਲਨ ਦੀਆ ਤਿਆਰੀਆਂ ਦੇ ਨਾਲ-ਨਾਲ ਹੋਰ ਵੀ ਜ਼ਰੂਰੀ ਮੁੱਦਿਆਂ ਸੰਬੰਧੀ ਚਰਚਾ ਹੋ ਸਕਦੀ ਹੈ।

ਜ਼ਿਕਰਯੋਗ ਹੈ ਕਿ 1 ਦਸੰਬਰ 2022 ਤੋਂ 30 ਨਵੰਬਰ 2023 ਤੱਕ ਜੀ-20 ਦੀ ਪ੍ਰਧਾਨਗੀ ਭਾਰਤ ਸੰਭਾਲੇਗਾ ਅਤੇ ਇਸ ਦੌਰਾਨ ਦੇਸ਼ ਭਰ ਵਿਚ 200 ਤੋਂ ਵੱਧ ਮੀਟਿੰਗਾਂ ਦੀ ਹੋਣ ਦੀ ਉਮੀਦ ਹੈ। ਇਹ ਪੰਜਾਬ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਵਾਰ ਜੀ-20 ਸੰਮੇਲਨ ਅੰਮ੍ਰਿਤਸਰ ਵਿਖੇ ਹੋਵੇਗਾ ਜਿਸ ਵਿਚ ਵਿਸ਼ਵ ਭਰ ਦੇ ਪ੍ਰਮੁੱਖ ਦੇਸ਼ਾਂ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸ਼ਾਮਲ ਹੋਣਗੇ।