ਨਵੀਂ ਦਿੱਲੀ: ਸੋਸ਼ਲ ਮੀਡੀਆ ਕੰਪਨੀ ਮੈਟਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਸਬੁੱਕ ਵੀਡੀਓ ਕੁਝ ਸਮੇਂ ਲਈ ਹਟਾਏ ਜਾਣ ਦੇ ਮਾਮਲੇ ‘ਚ ਮਾਫ਼ੀ ਮੰਗੀ ਹੈ। ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਇਹ ਕਾਰਵਾਈ ਜਾਣਬੁੱਝ ਕੇ ਨਹੀਂ ਕੀਤੀ ਗਈ ਸੀ, ਸਗੋਂ ਤਕਨੀਕੀ ਖ਼ਰਾਬੀ ਕਾਰਨ ਵੀਡੀਓ ਗਲਤੀ ਨਾਲ ਹਟ ਗਈ ਸੀ
ਮੈਟਾ ਦੇ ਬੁਲਾਰੇ ਨੇ ਕਿਹਾ ਕਿ ਵੀਡੀਓ ਗਲਤੀ ਨਾਲ ਹਟਾਈ ਗਈ ਸੀ ਅਤੇ ਹੁਣ ਇਸਨੂੰ ਮੁੜ ਬਹਾਲ ਕਰ ਦਿੱਤਾ ਗਿਆ ਹੈ। ਕੰਪਨੀ ਨੇ ਇਸ ਗਲਤੀ ਲਈ ਮੁਆਫ਼ੀ ਵੀ ਮੰਗੀ ਹੈ
ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਕਈ ਯੂਜ਼ਰਜ਼ ਨੇ ਪ੍ਰਧਾਨ ਮੰਤਰੀ ਮੋਦੀ ਦੀ ਵੀਡੀਓ ਫੇਸਬੁੱਕ ‘ਤੇ ਉਪਲਬਧ ਨਾ ਹੋਣ ਦੀ ਜਾਣਕਾਰੀ ਦਿੱਤੀ। ਵੀਡੀਓ ਨਾ ਮਿਲਣ ‘ਤੇ ਕੁਝ ਯੂਜ਼ਰਜ਼ ਨੂੰ ਨੋਟਿਸ ਦਿਖਾਈ ਦਿੱਤਾ, ਜਿਸ ‘ਚ ਲਿਖਿਆ ਸੀ ਕਿ ਕਾਨੂੰਨੀ ਬੇਨਤੀ ਦੇ ਕਾਰਨ ਇਹ ਪੋਸਟ ਭਾਰਤ ‘ਚ ਉਪਲਬਧ ਨਹੀਂ ਹੈ
ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਚਰਚਾ ਤੇਜ਼ ਹੋ ਗਈ ਅਤੇ ਕਈ ਤਰ੍ਹਾਂ ਦੇ ਸਵਾਲ ਉੱਠਣ ਲੱਗੇ। ਕੇਂਦਰ ਸਰਕਾਰ ਨੇ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਸੂਤਰਾਂ ਮੁਤਾਬਕ ਮੈਟਾ ਦੇ ਅਧਿਕਾਰੀਆਂ ਤੋਂ ਇਸ ਘਟਨਾ ਬਾਰੇ ਜਾਣਕਾਰੀ ਮੰਗੀ ਜਾ ਸਕਦੀ ਹੈ।
ਇਹ ਵੀਡੀਓ 23 ਜੁਲਾਈ ਨੂੰ ਅਪਲੋਡ ਕੀਤੀ ਗਈ ਸੀ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਰੇਸ਼ਨ-ਜ਼ੈਡ (Gen Z) ਨੂੰ ਸੰਬੋਧਨ ਕੀਤਾ ਸੀ। ਇਹ ਸੰਬੋਧਨ ਵਿਦਿਆਰਥੀਆਂ ਨਾਲ ਜੁੜੇ ਪ੍ਰਦਰਸ਼ਨਾਂ ਦੇ ਮਾਹੌਲ ਵਿਚ ਕੀਤਾ ਗਿਆ ਸੀ।
ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਪੇਪਰ ਲੀਕ ਮਾਮਲਿਆਂ ‘ਤੇ ਸਰਕਾਰ ਦੀ ਸਖ਼ਤ ਕਾਰਵਾਈ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਮਤਿਹਾਨਾਂ ਵਿੱਚ ਧਾਂਧਲੀ ਰੋਕਣ ਲਈ ਹੋਰ ਸਖ਼ਤ ਕਾਨੂੰਨੀ ਪ੍ਰਬੰਧ ਕੀਤੇ ਜਾਣਗੇ।
PM ਮੋਦੀ ਨੇ ਦੱਸਿਆ ਕਿ ਪੇਪਰ ਲੀਕ ਮਾਮਲਿਆਂ ਲਈ ਫਾਸਟ-ਟ੍ਰੈਕ ਅਦਾਲਤਾਂ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਸਖ਼ਤ ਸਜ਼ਾਵਾਂ ਵਾਲਾ ਡਰਾਫਟ ਕਾਨੂੰਨ ਕੇਂਦਰੀ ਮੰਤਰੀ ਮੰਡਲ ਦੇ ਸਾਹਮਣੇ ਰੱਖਿਆ ਜਾਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਰਹੇ ਅਤੇ ਲਗਭਗ 22 ਲੱਖ ਵਿਦਿਆਰਥੀਆਂ ਦਾ ਅਕਾਦਮਿਕ ਸਾਲ ਪ੍ਰਭਾਵਿਤ ਨਾ ਹੋਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਦੇ ਭਵਿੱਖ ਅਤੇ ਉਨ੍ਹਾਂ ਦੀ ਭਲਾਈ ਤੋਂ ਵੱਧ ਮਹੱਤਵਪੂਰਨ ਕੁਝ ਨਹੀਂ ਹੈ।
ਵੀਡੀਓ ਮੁੜ ਬਹਾਲ ਹੋਣ ਤੋਂ ਬਾਅਦ ਮੈਟਾ ਨੇ ਸਪੱਸ਼ਟ ਕੀਤਾ ਕਿ ਇਹ ਘਟਨਾ ਸਿਰਫ਼ ਤਕਨੀਕੀ ਗਲਤੀ ਕਾਰਨ ਹੋਈ ਸੀ ਅਤੇ ਇਸਦਾ ਕਿਸੇ ਤਰ੍ਹਾਂ ਦਾ ਹੋਰ ਉਦੇਸ਼ ਨਹੀਂ ਸੀ
