ਚੰਡੀਗੜ੍ਹ : ਚੰਡੀਗੜ੍ਹ ਵਿੱਚ ਨਕਲੀ ਟਰੈਵਲ ਏਜੰਟਾਂ ਤੋਂ ਹੋਸ਼ਿਆਰ ਰਹੋ। ਇਸ ਵੇਲੇ ਕੁੱਲ 149 ਇਮੀਗ੍ਰੇਸ਼ਨ ਕੰਪਨੀਆਂ ਰਜਿਸਟਰਡ ਹਨ, ਜਿਨ੍ਹਾਂ ਵਿੱਚੋਂ ਸਿਰਫ਼ 43 ਹੀ ਅਧਿਕਾਰਿਕ ਤੌਰ ‘ਤੇ ਵੈਰੀਫਾਈਡ ਹਨ, ਜਦੋਂਕਿ ਬਾਕੀ 106 ਦੀ ਜਾਂਚ ਹਾਲੇ ਜਾਰੀ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਮੈਜਿਸਟਰੇਟ ਨਿਸ਼ਾਂਤ ਯਾਦਵ ਨੇ ਸਾਰੀਆਂ ਕੰਪਨੀਆਂ ਨੂੰ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ।
ਡਿਪਟੀ ਕਮਿਸ਼ਨਰ ਨੇ ਭਾਰਤੀ ਸਿਵਲ ਸੁਰੱਖਿਆ ਕੋਡ, 2023 ਦੀ ਧਾਰਾ 163 ਅਧੀਨ ਹੁਕਮ ਜਾਰੀ ਕਰਦੇ ਹੋਏ ਸਾਰੇ ਟਰੈਵਲ ਤੇ ਵੀਜ਼ਾ ਏਜੰਟਾਂ ਨੂੰ ਆਪਣੀ ਪੂਰੀ ਜਾਣਕਾਰੀ ਐਸਡੀਐਮ ਦਫ਼ਤਰ ਵਿੱਚ ਜਮ੍ਹਾਂ ਕਰਾਉਣ ਲਈ ਕਿਹਾ ਹੈ। ਇਹ ਹੁਕਮ 10 ਨਵੰਬਰ ਦੀ ਰਾਤ ਤੋਂ ਲਾਗੂ ਹੋ ਗਿਆ ਹੈ ਤੇ 8 ਜਨਵਰੀ, 2026 ਤੱਕ ਪ੍ਰਭਾਵੀ ਰਹੇਗਾ। ਹੁਕਮ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ।
ਅਸਲ ਵਿੱਚ, ਵਿਦੇਸ਼ ਭੇਜਣ ਦੇ ਨਾਂ ‘ਤੇ ਲੋਕਾਂ ਨਾਲ ਵੱਡੇ ਪੱਧਰ ‘ਤੇ ਧੋਖਾਧੜੀ ਹੋ ਰਹੀ ਹੈ। ਕਈ ਏਜੰਟ ਝੂਠੇ ਵਾਅਦੇ ਕਰਕੇ ਲੋਕਾਂ ਤੋਂ ਲੱਖਾਂ ਰੁਪਏ ਲੈਂਦੇ ਹਨ ਤੇ ਫਿਰ ਦਫ਼ਤਰ ਬੰਦ ਕਰਕੇ ਗਾਇਬ ਹੋ ਜਾਂਦੇ ਹਨ। ਪੁਲਿਸ ਮੁਤਾਬਕ ਜ਼ਿਆਦਾਤਰ ਸ਼ਿਕਾਇਤਾਂ ਗੈਰ-ਲਾਇਸੰਸੀ ਟਰੈਵਲ ਏਜੰਟਾਂ ਖ਼ਿਲਾਫ਼ ਆ ਰਹੀਆਂ ਹਨ।
ਡੀਸੀ ਨਿਸ਼ਾਂਤ ਯਾਦਵ ਨੇ ਕਿਹਾ ਹੈ ਕਿ ਜਿਹੜੀਆਂ ਇਮੀਗ੍ਰੇਸ਼ਨ ਕੰਪਨੀਆਂ ਬਿਨਾਂ ਮਨਜ਼ੂਰੀ ਕੰਮ ਕਰ ਰਹੀਆਂ ਹਨ, ਉਨ੍ਹਾਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ। ਸਥਾਨਕ ਪੁਲਿਸ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਅਜਿਹੇ ਧੋਖੇਬਾਜ਼ ਏਜੰਟਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਦਮ ਚੁੱਕਣ। ਜੇਕਰ ਪੁਲਿਸ ਇਸ ਮਾਮਲੇ ਵਿੱਚ ਲਾਪਰਵਾਹੀ ਕਰਦੀ ਹੈ, ਤਾਂ ਉਨ੍ਹਾਂ ਅਧਿਕਾਰੀਆਂ ‘ਤੇ ਵੀ ਕਾਰਵਾਈ ਹੋ ਸਕਦੀ ਹੈ।
ਆਦੇਸ਼ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਕਈ ਏਜੰਟ ਅਖ਼ਬਾਰਾਂ ਵਿੱਚ ਝੂਠੇ ਤੇ ਗੁੰਮਰਾਹਕੁੰਨ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਸੁਪਨੇ ਦਿਖਾਉਂਦੇ ਹਨ ਤੇ ਫਿਰ ਉਨ੍ਹਾਂ ਨਾਲ ਧੋਖਾ ਕਰ ਜਾਂਦੇ ਹਨ। ਅਜਿਹੀਆਂ ਗੈਰ-ਕਾਨੂੰਨੀ ਸਰਗਰਮੀਆਂ ਲੋਕਾਂ ਦੀ ਸੁਰੱਖਿਆ, ਸਿਹਤ ਅਤੇ ਆਰਥਿਕ ਹਾਲਤ ਲਈ ਗੰਭੀਰ ਖ਼ਤਰਾ ਬਣ ਰਹੀਆਂ ਹਨ

#chandigarhnews #fraudtravelagents #chandigarhlatestnews #travelagents
