ਗੁਰਦਾਸਪੁਰ : ਰੋਜ਼ੀ-ਰੋਟੀ ਦੀ ਭਾਲ ਵਿੱਚ ਵਿਦੇਸ਼ ਗਏ ਜਿਲ੍ਹੇ ਦੇ ਪਿੰਡ ਘਣੀਏ ਕੇ ਬਾਂਗਰ ਦੇ 36 ਸਾਲਾ ਨੌਜਵਾਨ ਰਾਜਬੀਰ ਸਿੰਘ ਦੀ ਦੁਬਈ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਨਾਲ ਪੂਰਾ ਇਲਾਕਾ ਸੋਗ ਵਿੱਚ ਡੁੱਬ ਗਿਆ ਹੈ। ਰਾਜਬੀਰ ਸਿੰਘ ਇੱਕ ਸਾਲ ਪਹਿਲਾਂ ਆਪਣੇ ਪਰਿਵਾਰ ਦੇ ਸੁਨਹਿਰੇ ਭਵਿੱਖ ਦੇ ਸੁਪਨੇ ਲੈ ਕੇ ਵਿਦੇਸ਼ ਗਿਆ ਸੀ ਉਸਦੀ ਅਚਾਨਕ ਹੋਈ ਮੌਤ ਨੇ ਪਰਿਵਾਰ ਨੂੰ ਗਹਿਰੇ ਸਦਮੇ ’ਚ ਪਹੁੰਚਾ ਦਿੱਤਾ ਹੈ । ਪਰਿਵਾਰ ਕੋਲ ਉਸ ਦੀ ਮ੍ਰਿਤਕ ਦੇਹ ਨੂੰ ਵਤਨ ਲਿਆਉਣ ਲਈ ਵੀ ਸਾਧਨ ਨਹੀਂ ਹਨ
ਰਾਜਬੀਰ ਸਿੰਘ ਆਪਣੇ ਘਰ ਦਾ ਇਕੱਲਾ ਕਮਾਉਣ ਵਾਲਾ ਮੈਂਬਰ ਸੀ। ਉਸ ਦੀ ਕਮਾਈ ਨਾਲ ਹੀ ਉਸਦਾ ਘਰ ਚੱਲਦਾ ਸੀ। ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਉਸ ਵੇਲੇ ਹੰਝੂਆਂ ਨਾਲ ਭਰ ਗਈਆਂ ਜਦੋਂ ਉਨ੍ਹਾਂ ਨੇ ਦੱਸਿਆ ਕਿ ਹਾਦਸੇ ਵਾਲੇ ਦਿਨ ਸਵੇਰੇ ਹੀ ਰਾਜਬੀਰ ਨੇ ਵੀਡੀਓ ਕਾਲ ਕਰਕੇ ਸਭ ਦਾ ਹਾਲ-ਚਾਲ ਪੁੱਛਿਆ ਸੀ। ਕਿਸੇ ਨੂੰ ਕੀ ਪਤਾ ਸੀ ਕਿ ਇਹ ਉਸ ਦੀ ਆਖ਼ਰੀ ਗੱਲਬਾਤ ਹੋਵੇਗੀ। ਕੁਝ ਹੀ ਸਮੇਂ ਬਾਅਦ ਆਈ ਹਾਦਸੇ ਦੀ ਖ਼ਬਰ ਨੇ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਉਜਾੜ ਕੇ ਰੱਖ ਦਿੱਤੀਆਂ
ਅੱਜ ਇੱਕ ਸੁਹਾਗਣ ਦੇ ਸਿਰ ਤੋਂ ਉਸ ਦੇ ਜੀਵਨ ਸਾਥੀ ਦਾ ਸਾਇਆ ਉੱਠ ਗਿਆ ਹੈ, ਦੋ ਨਿੱਕੇ ਬੱਚੇ ਪਿਤਾ ਦੇ ਪਿਆਰ ਤੋਂ ਸਦਾ ਲਈ ਵਾਂਝੇ ਹੋ ਗਏ ਹਨ ਅਤੇ ਬਜ਼ੁਰਗ ਮਾਪਿਆਂ ਦਾ ਬੁਢਾਪੇ ਦਾ ਇਕੱਲਾ ਸਹਾਰਾ ਵੀ ਹਮੇਸ਼ਾ ਲਈ ਖੋਹ ਗਿਆ ਹੈ। ਘਰ ਵਿੱਚ ਹਰ ਪਾਸੇ ਚੀਕਾਂ, ਸਿਸਕੀਆਂ ਅਤੇ ਮਾਤਮ ਦਾ ਮਾਹੌਲ ਹੈ। ਪਿੰਡ ਵਾਸੀ ਵੀ ਇਸ ਦੁਖਦਾਈ ਘਟਨਾ ਤੋਂ ਗਹਿਰੇ ਸਦਮੇ ਵਿੱਚ ਹਨ।
ਪਰਿਵਾਰ ਦੀ ਆਰਥਿਕ ਹਾਲਤ ਪਹਿਲਾਂ ਹੀ ਕਾਫ਼ੀ ਕਮਜ਼ੋਰ ਦੱਸੀ ਜਾ ਰਹੀ ਹੈ। ਬੜੀ ਮੁਸ਼ਕਲ ਨਾਲ ਕਰਜ਼ਾ ਚੁੱਕ ਕੇ ਰਾਜਬੀਰ ਨੂੰ ਰੋਜ਼ਗਾਰ ਲਈ ਵਿਦੇਸ਼ ਭੇਜਿਆ ਗਿਆ ਸੀ, ਤਾਂ ਜੋ ਘਰ ਦੀ ਹਾਲਤ ਸੁਧਰ ਸਕੇ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਹੁਣ ਹਾਲਾਤ ਇਹ ਹਨ ਕਿ ਪਰਿਵਾਰ ਕੋਲ ਦੁਬਈ ਤੋਂ ਰਾਜਬੀਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਵੀ ਲੋੜੀਂਦੇ ਵਸੀਲੇ ਨਹੀਂ ਹਨ