ਪੰਜਾਬ ਵਿੱਚ ਪੇਪਰ ਲੀਕ ਨਹੀਂ, ਨਕਲ ਮਾਫੀਆ ‘ਤੇ ਸਖ਼ਤ ਕਾਰਵਾਈ: ਫਾਰਮੇਸੀ ਅਫ਼ਸਰ ਪ੍ਰੀਖਿਆ ਮਾਮਲੇ ‘ਚ 31 ਗ੍ਰਿਫ਼ਤਾਰ : CM ਮਾਨ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸਰਕਾਰੀ ਭਰਤੀਆਂ ਵਿੱਚ ਪਾਰਦਰਸ਼ਤਾ ਅਤੇ ਯੋਗਤਾ ਨੂੰ ਯਕੀਨੀ ਬਣਾਉਣ ਲਈ ਨਕਲ ਮਾਫੀਆ ਖ਼ਿਲਾਫ਼ ਸਖ਼ਤ ਰੁਖ ਅਪਣਾਇਆ ਹੈ। ਸਰਕਾਰ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਪਿਛਲੇ ਪੰਜ ਸਾਲਾਂ ਦੌਰਾਨ ਕੋਈ ਵੀ ਸਰਕਾਰੀ ਪ੍ਰੀਖਿਆ ਪੇਪਰ ਲੀਕ ਮਾਮਲਾ ਸਾਹਮਣੇ ਨਹੀਂ ਆਇਆ

ਹਾਲ ਹੀ ਵਿੱਚ ਹੋਈ ਫਾਰਮੇਸੀ ਅਫ਼ਸਰ ਭਰਤੀ ਪ੍ਰੀਖਿਆ ਦੌਰਾਨ ਕੁਝ ਵਿਅਕਤੀਆਂ ਵੱਲੋਂ ਹਾਈਟੈਕ ਤਰੀਕਿਆਂ ਨਾਲ ਨਕਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ 31 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ 21 ਉਮੀਦਵਾਰ ਅਤੇ 10 ਨਕਲ ਕਰਵਾਉਣ ਵਾਲੇ ਹੈਂਡਲਰ ਸ਼ਾਮਲ ਹਨ

ਹਾਈਟੈਕ ਡਿਵਾਈਸਾਂ ਰਾਹੀਂ ਚੱਲ ਰਿਹਾ ਸੀ ਨਕਲ ਦਾ ਰੈਕੇਟ

ਜਾਂਚ ਦੌਰਾਨ ਸਾਹਮਣੇ ਆਇਆ ਕਿ ਨਕਲ ਮਾਫੀਆ ਵੱਲੋਂ ਉਮੀਦਵਾਰਾਂ ਤੋਂ ਲੱਖਾਂ ਰੁਪਏ ਵਸੂਲੇ ਜਾ ਰਹੇ ਸਨ। ਜਾਣਕਾਰੀ ਮੁਤਾਬਕ, ਇੱਕ ਉਮੀਦਵਾਰ ਤੋਂ 3.5 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਤੱਕ ਦੀ ਰਕਮ ਲਈ ਜਾ ਰਹੀ ਸੀ।

ਗਿਰੋਹ ਵੱਲੋਂ ਨਕਲ ਲਈ ਆਧੁਨਿਕ ਤਕਨੀਕਾਂ ਦੀ ਵਰਤੋਂ ਕੀਤੀ ਜਾ ਰਹੀ ਸੀ, ਜਿਸ ਵਿੱਚ:

  • ਰੀਅਲ-ਟਾਈਮ ਹਾਈਟੈਕ ਪੈਨ ਕੈਮਰੇ
  • ਈਅਰਪੀਸ
  • ਮੋਡੀਫਾਈਡ ਮੋਬਾਈਲ ਫੋਨ
  • ਵਾਇਰਲੈੱਸ ਡਿਵਾਈਸ ਸ਼ਾਮਲ ਸਨ। ਪ੍ਰੀਖਿਆ ਹਾਲ ਵਿੱਚ ਬੈਠੇ ਉਮੀਦਵਾਰਾਂ ਨੂੰ ਬਾਹਰ ਬੈਠੇ ਲੋਕਾਂ ਵੱਲੋਂ ਰੀਅਲ-ਟਾਈਮ ਵਿੱਚ ਜਵਾਬ ਦੱਸੇ ਜਾ ਰਹੇ ਸਨ।

ਨਾ ਪੇਪਰ ਲੀਕ ਹੋਇਆ, ਨਾ ਕਿਸੇ ਅਧਿਕਾਰੀ ਦੀ ਭੂਮਿਕਾ

ਪੁਲਿਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਮਾਮਲੇ ਵਿੱਚ ਕੋਈ ਪੇਪਰ ਲੀਕ ਨਹੀਂ ਹੋਇਆ ਅਤੇ ਨਾ ਹੀ ਕਿਸੇ ਸਰਕਾਰੀ ਅਧਿਕਾਰੀ ਦੀ ਸ਼ਮੂਲੀਅਤ ਮਿਲੀ ਹੈ। ਪੁਲਿਸ ਨੇ ਨਕਲ ਕਰਵਾਉਣ ਵਾਲੇ ਪੂਰੇ ਨੈੱਟਵਰਕ ਨੂੰ ਬੇਨਕਾਬ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸਰਕਾਰ ਦਾ ਸਖ਼ਤ ਸੰਦੇਸ਼

ਪੰਜਾਬ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਸਰਕਾਰੀ ਨੌਕਰੀਆਂ ਸਿਰਫ਼ ਯੋਗਤਾ ਅਤੇ ਮੈਰਿਟ ਦੇ ਆਧਾਰ ‘ਤੇ ਹੀ ਦਿੱਤੀਆਂ ਜਾਣਗੀਆਂ। ਨਕਲ, ਧੋਖਾਧੜੀ ਅਤੇ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।