ਗੁਰਦਾਸਪੁਰ ਦੇ ਪਿੰਡ ਮਾੜੀ ਪੰਨਵਾਂ ‘ਚ ਇੱਕ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਇੱਥੇ ਜ਼ਮੀਨ ਤੋਂ ਮਾਈਨਿੰਗ ਕਰਦੇ ਸਮੇਂ ਅਚਾਨਕ ਰੇਤ ਦਾ ਢੇਰ ਟਰੈਕਟਰ ਚਾਲਕ ‘ਤੇ ਡਿੱਗ ਗਿਆ, ਜਿਸ ਕਾਰਨ ਡਰਾਈਵਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਗੁਰਜੀਤ ਸਿੰਘ ਉਮਰ 35 ਸਾਲ ਵਾਸੀ ਪਿੰਡ ਮੇਟਲਾ ਵਜੋਂ ਹੋਈ ਹੈ। ਪੁਲਿਸ ਵੱਲੋ ਪਿੰਡ ਦੇ ਸਾਬਕਾ ਸਰਪੰਚ ਖਿਲਾਫ ਨਾਜਾਇਜ਼ ਮਾਈਨਿੰਗ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਥਾਣਾ ਸ੍ਰੀ ਹਰਗੋਬਿੰਦਪੁਰ ਦੀ ਐਸਐਚਓ ਬਲਜੀਤ ਕੌਰ ਨੇ ਦੱਸਿਆ ਕਿ ਪਿੰਡ ਮਾੜੀ ਪੰਨਵਾਂ ਵਿੱਚ ਮਜ਼ਦੂਰ ਕੁਲਦੀਪ ਸਿੰਘ ਦੀ ਜ਼ਮੀਨ ਵਿੱਚੋਂ ਰੇਤ ਕੱਢ ਕੇ ਟਰਾਲੀ ਵਿੱਚ ਭਰ ਰਹੇ ਸਨ, ਜਿਸ ਕੋਲ ਉਸ ਦੀ ਜ਼ਮੀਨ ਵਿੱਚੋਂ ਮਾਈਨਿੰਗ ਦੀ ਮਨਜ਼ੂਰੀ ਹੈ। ਇਸ ਦੌਰਾਨ ਅਚਾਨਕ ਰੇਤ ਡਿੱਗਣ ਨਾਲ ਟਰੈਕਟਰ ਚਾਲਕ ਸਲਾਈਡ ਹੇਠਾਂ ਦੱਬ ਗਿਆ। ਸਾਬਕਾ ਸਰਪੰਚ ਮਾਈਨਿੰਗ ਕਰਵਾ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।
