ਭਾਰਤ ਵਿੱਚ ਬੱਸ ਸੇਵਾ ਆਮ ਜਨਤਾ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਛੋਟੇ ਕਸਬਿਆਂ ਤੋਂ ਲੈ ਕੇ ਵੱਡੇ ਸ਼ਹਿਰਾਂ ਤੱਕ, ਬੱਸ ਅੱਡੇ ਹਮੇਸ਼ਾ ਮੁਸਾਫ਼ਰਾਂ ਨਾਲ ਭਰੇ ਰਹਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਏਸ਼ੀਆ ਦਾ ਸਭ ਤੋਂ ਵੱਡਾ ਬੱਸ ਟਰਮੀਨਲ ਕਿੱਥੇ ਹੈ? ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿੱਚ ਸਥਿਤ ਇਹ ਬੱਸ ਅੱਡਾ ਇੰਨਾ ਵਿਸ਼ਾਲ ਹੈ ਕਿ ਇਸ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਬੱਸਾਂ ਦਾ ਕੋਈ ਸਮੁੰਦਰ ਹੋਵੇ।
ਕੋਯੰਬੇਡੂ ਬੱਸ ਟਰਮੀਨਲ
ਚੇਨਈ ਦੇ ਬਾਹਰਵਾਰ ਸਥਿਤ ਇਸ ਟਰਮੀਨਲ ਨੂੰ ਅਧਿਕਾਰਤ ਤੌਰ ‘ਤੇ ‘ਚੇਨਈ ਮੋਫੂਸਿਲ ਬੱਸ ਟਰਮੀਨਸ‘ (CMBT) ਵਜੋਂ ਜਾਣਿਆ ਜਾਂਦਾ ਹੈ। ਲਗਭਗ 37 ਏਕੜ ਵਿੱਚ ਫੈਲਿਆ ਇਹ ਬੱਸ ਅੱਡਾ ਨਾ ਸਿਰਫ਼ ਭਾਰਤ, ਸਗੋਂ ਪੂਰੇ ਏਸ਼ੀਆ ਵਿੱਚ ਆਪਣੀ ਵਿਸ਼ਾਲਤਾ ਲਈ ਮਸ਼ਹੂਰ ਹੈ। ਸਾਲ 2018 ਵਿੱਚ ਇਸ ਦਾ ਨਾਮ ਬਦਲ ਕੇ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਦੀ ਯਾਦ ਵਿੱਚ “ਪੁਰਾਚੀ ਥਲਾਈਵਰ ਡਾ. ਐਮ.ਜੀ.ਆਰ. ਬੱਸ ਸਟੈਂਡ” ਰੱਖ ਦਿੱਤਾ ਗਿਆ ਸੀ।
ਕਦੋਂ ਹੋਇਆ ਨਿਰਮਾਣ?
ਸ਼ਹਿਰ ਦੀ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਅਤੇ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਇਸ ਦਾ ਨਿਰਮਾਣ 2002 ਵਿੱਚ ਕੀਤਾ ਗਿਆ ਸੀ। ਉਸ ਸਮੇਂ ਇਸ ਨੂੰ ਬਣਾਉਣ ‘ਤੇ ਲਗਭਗ 103 ਕਰੋੜ ਰੁਪਏ ਦੀ ਲਾਗਤ ਆਈ ਸੀ। ਅੱਜ ਇਹ ਚੇਨਈ ਦੀ ਆਵਾਜਾਈ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਬਣ ਚੁੱਕਾ ਹੈ।
ਹੈਰਾਨ ਕਰ ਦੇਣ ਵਾਲੀ ਸਮਰੱਥਾ
ਇਸ ਬੱਸ ਅੱਡੇ ਦੀਆਂ ਵਿਸ਼ੇਸ਼ਤਾਵਾਂ ਕਿਸੇ ਨੂੰ ਵੀ ਹੈਰਾਨ ਕਰ ਸਕਦੀਆਂ ਹਨ। ਇੱਥੇ ਇੱਕੋ ਸਮੇਂ 180 ਬੱਸਾਂ ਖੜ੍ਹੀਆਂ ਹੋ ਸਕਦੀਆਂ ਹਨ ਅਤੇ 60 ਹੋਰ ਬੱਸਾਂ ਲਈ ਵੱਖਰੀ ਪਾਰਕਿੰਗ ਹੈ। ਹਰ ਰੋਜ਼ ਲਗਭਗ 2,000 ਬੱਸਾਂ ਇੱਥੋਂ ਵੱਖ-ਵੱਖ ਸ਼ਹਿਰਾਂ ਲਈ ਰਵਾਨਾ ਹੁੰਦੀਆਂ ਹਨ। ਯਾਤਰੀਆਂ ਲਈ ਇੱਥੇ 3,000 ਤੋਂ ਵੱਧ ਦੋ-ਪਹੀਆ ਵਾਹਨਾਂ ਅਤੇ ਵੱਡੀ ਗਿਣਤੀ ਵਿੱਚ ਕਾਰਾਂ ਤੇ ਆਟੋ-ਰਿਕਸ਼ਾ ਲਈ ਪਾਰਕਿੰਗ ਦਾ ਪ੍ਰਬੰਧ ਹੈ।
ਸਹੂਲਤਾਂ ਅਤੇ ਵਿਕਾਸ
ਭਾਵੇਂ ਇਹ ਬੱਸ ਅੱਡਾ ਬਹੁਤ ਵੱਡਾ ਹੈ, ਪਰ ਇਸ ਨੂੰ ਹੋਰ ਵੀ ਆਧੁਨਿਕ ਬਣਾਉਣ ਲਈ ਲਗਾਤਾਰ ਕੰਮ ਚੱਲ ਰਿਹਾ ਹੈ। ਯਾਤਰੀਆਂ ਦੀ ਸਹੂਲਤ ਲਈ ਇੱਥੇ ਨਵੇਂ ਨਿਰਮਾਣ ਕੀਤੇ ਜਾ ਰਹੇ ਹਨ ਤਾਂ ਜੋ ਸਫ਼ਰ ਹੋਰ ਵੀ ਸੁਖਾਲਾ ਹੋ ਸਕੇ।
ਜੇਕਰ ਤੁਸੀਂ ਕਦੇ ਚੇਨਈ ਜਾਂਦੇ ਹੋ, ਤਾਂ ਇਸ ‘ਬੱਸਾਂ ਦੇ ਸਮੁੰਦਰ’ ਨੂੰ ਦੇਖਣਾ ਇੱਕ ਵੱਖਰਾ ਅਨੁਭਵ ਹੋਵੇਗਾ। ਇਹ ਸਥਾਨ ਭਾਰਤ ਦੇ ਵਧਦੇ ਬੁਨਿਆਦੀ ਢਾਂਚੇ ਅਤੇ ਵਿਕਾਸ ਦੀ ਇੱਕ ਜਿਉਂਦੀ-ਜਾਗਦੀ ਮਿਸਾਲ ਹੈ।
