ਕਪੂਰਥਲਾ: ਪੰਜਾਬ ਦੇ ਕਪੂਰਥਲਾ ‘ਚ ਸਥਿਤ ਪਿੰਡ ਪੰਡੋਰੀ ਅਰਾਈਆਂ ‘ਚ ਭਾਜਪਾ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਦੇ ਘਰ ‘ਤੇ ਜ਼ਿਲ੍ਹਾ ਪ੍ਰਸ਼ਾਸਨ ਭਾਰੀ ਪੈ ਗਿਆ। ਦਰਅਸਲ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਏ ਗਏ ਬੁਲਡੋਜ਼ਰ ਨਾਲ ਆਗੂ ਅਮਨਦੀਪ ਸਿੰਘ ਦਾ ਘਰ ਮਲਬੇ ਵਿੱਚ ਬਦਲ ਗਿਆ। ਅਮਨਦੀਪ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਦਾ ਵਿਰੋਧ ਕੀਤਾ ਪਰ ਕੋਈ ਫਾਇਦਾ ਨਹੀਂ ਹੋਇਆ। ਜ਼ਿਲ੍ਹਾ ਪ੍ਰਸ਼ਾਸਨ ਨੇ ਹਾਈ ਕੋਰਟ ਦੇ ਹੁਕਮਾਂ ’ਤੇ ਇਹ ਕਾਰਵਾਈ ਕੀਤੀ ਹੈ।
ਜਾਣਕਾਰੀ ਅਨੁਸਾਰ ਪੀਡਬਲਯੂਡੀ ਦੀ ਜ਼ਮੀਨ ’ਤੇ ਭਾਜਪਾ ਆਗੂ ਦੀ ਕੋਠੀ ਖੜ੍ਹੀ ਸੀ, ਜਿਸ ਕਾਰਨ ਹਾਈ ਕੋਰਟ ਨੇ ਇਸ ਰਿਹਾਇਸ਼ੀ ਇਮਾਰਤ ਨੂੰ ਢਾਹੁਣ ਦੇ ਹੁਕਮ ਦਿੱਤੇ ਸਨ। ਐਸਡੀਐਮ ਭੁਲੱਥ ਸੰਜੀਵ ਸ਼ਰਮਾ, ਪੁਲੀਸ ਪਾਰਟੀ, ਥਾਣਾ ਭੁਲੱਥ ਦੇ ਇੰਚਾਰਜ ਇੰਸਪੈਕਟਰ ਗੌਰਵ ਧੀਰ ਅਤੇ ਏਡੀਸੀ ਜਨਰਲ ਅਮਰਪ੍ਰੀਤ ਕੌਰ ਦੀ ਹਾਜ਼ਰੀ ਵਿੱਚ ਜੇਸੀਬੀ ਮਸ਼ੀਨ ਨੇ ਭਾਜਪਾ ਆਗੂ ਦੀ ਰਿਹਾਇਸ਼ੀ ਇਮਾਰਤ (ਕੋਠੀ) ਨੂੰ ਢਾਹ ਦਿੱਤਾ।
ਗੌਰਤਲਬ ਹੈ ਕਿ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਆਪ ਆਗੂ ਅਮਨਦੀਪ ਸਿੰਘ ਵਿਰੁੱਧ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਤੋਂ ਬਾਅਦ ਹਾਈਕੋਰਟ ਨੇ ਇਮਾਰਤ ਨੂੰ ਢਾਹੁਣ ਦੇ ਹੁਕਮ ਜਾਰੀ ਕੀਤੇ ਸਨ।
ਦੂਜੇ ਪਾਸੇ ਸੁਖਪਾਲ ਖਹਿਰਾ ‘ਤੇ ਗੁੱਸਾ ਜ਼ਾਹਰ ਕਰਦੇ ਹੋਏ ਆਪ ਆਗੂ ਅਮਨਦੀਪ ਸਿੰਘ ਨੇ ਕਿਹਾ ਕਿ ਹੁਣ ਠੰਡ ਪੈ ਗਈ ਹੋਵੇਗੀ। ਏ.ਡੀ.ਸੀ ਨੇ ਹਾਈਕੋਰਟ ਦੇ ਹੁਕਮਾਂ ਦਾ ਹਵਾਲਾ ਦੇ ਕੇ ਕੋਠਾ ਢਾਹ ਦਿੱਤਾ, ਪਰ ਕਿਸੇ ਨੇ ਮੈਨੂੰ ਹੁਕਮ ਦੀ ਕਾਪੀ ਨਹੀਂ ਦਿਖਾਈ। ਉਨ੍ਹਾਂ ਨੂੰ ਬੇਘਰ ਕਰ ਦਿੱਤਾ ਗਿਆ ਹੈ ਪਰ ਉਹ ਹੋਰ ਘਰ ਬਣਾਉਣਗੇ।
