ਮੈਂ ਰਾਜਨੀਤੀ ਛੱਡ ਦੇਵਾਂਗਾ, ਬਰੀ ਹੋਣ ਮਗਰੋਂ ਕੇਜਰੀਵਾਲ ਦਾ PM ਮੋਦੀ ਨੂੰ ਖੁੱਲ੍ਹਾ ਚੈਲੇਂਜ

ਨਵੀਂ ਦਿੱਲੀ : ਸ਼ਰਾਬ ਨੀਤੀ ਮਾਮਲੇ ਵਿੱਚ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਵੱਲੋਂ ਬਰੀ ਕੀਤੇ ਜਾਣ ਤੋਂ ਕੁਝ ਘੰਟਿਆਂ ਬਾਅਦ, ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਅਤੇ ਭਾਜਪਾ ਵਿਰੁੱਧ ਹਮਲਾਵਰ ਰੁਖ ਅਖਤਿਆਰ ਕਰ ਲਿਆ ਹੈ। ਇੱਕ ਧਮਾਕੇਦਾਰ ਪ੍ਰੈਸ ਕਾਨਫਰੰਸ ਦੌਰਾਨ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਲੀ ਵਿੱਚ ਮੁੜ ਚੋਣਾਂ ਕਰਵਾਉਣ ਦੀ ਸਿੱਧੀ ਚੁਣੌਤੀ ਦਿੱਤੀ ਹੈ

“10 ਸੀਟਾਂ ਜਿੱਤ ਕੇ ਦਿਖਾਓ, ਮੈਂ ਸਿਆਸਤ ਤਿਆਗ ਦੇਵਾਂਗਾ”
ਅਰਵਿੰਦ ਕੇਜਰੀਵਾਲ ਨੇ ਭਾਜਪਾ ‘ਤੇ ਦਿੱਲੀ ਨੂੰ ਬਰਬਾਦ ਕਰਨ ਦੇ ਦੋਸ਼ ਲਾਉਂਦਿਆਂ ਕਿਹਾ, “ਮੈਂ ਮੋਦੀ ਜੀ ਨੂੰ ਚੁਣੌਤੀ ਦਿੰਦਾ ਹਾਂ, ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਦਿੱਲੀ ਵਿੱਚ ਦੁਬਾਰਾ ਚੋਣਾਂ ਕਰਵਾਓ। ਜੇਕਰ ਭਾਜਪਾ 10 ਤੋਂ ਵੱਧ ਸੀਟਾਂ ਜਿੱਤ ਗਈ, ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ।” ਉਨ੍ਹਾਂ ਕਿਹਾ ਕਿ ਪਿਛਲੇ ਸਾਲ ਤੋਂ ਦਿੱਲੀ ਦੀ ਜਨਤਾ ਭਾਜਪਾ ਦੇ ਸ਼ਾਸਨ ਤੋਂ ਅੱਕ ਚੁੱਕੀ ਹੈ ਅਤੇ 3 ਕਰੋੜ ਲੋਕਾਂ ਨੇ ਮੋਦੀ-ਸ਼ਾਹ ਦੀ ‘ਸੱਤਾ ਦੀ ਭੁੱਖ’ ਦਾ ਖਾਮਿਆਜ਼ਾ ਭੁਗਤਿਆ ਹੈ

ਅਦਾਲਤ ਦੀਆਂ ਸਖ਼ਤ ਟਿੱਪਣੀਆਂ
ਕੇਸ ਦਾ ਨਿਪਟਾਰਾ ਕਰਦਿਆਂ ਜੱਜ ਸਿੰਘ ਨੇ ਜਾਂਚ ਏਜੰਸੀਆਂ ਦੀ ਕਾਰਜਪ੍ਰਣਾਲੀ ‘ਤੇ ਗੰਭੀਰ ਸਵਾਲ ਚੁੱਕੇ। ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ:

ਜਾਂਚ ਸਿਰਫ਼ ‘ਕਿਆਸਅਰਾਈਆਂ ਅਤੇ ਕਹਾਣੀਆਂ’ ‘ਤੇ ਅਧਾਰਿਤ ਸੀ, ਨਾ ਕਿ ਠੋਸ ਸਬੂਤਾਂ ‘ਤੇ। ਸਰਕਾਰੀ ਗਵਾਹਾਂ ਦੇ ਬਿਆਨਾਂ ‘ਤੇ ਹੱਦੋਂ ਵੱਧ ਭਰੋਸਾ ਕਰਨਾ ਸੰਵਿਧਾਨਕ ਸਿਧਾਂਤਾਂ ਦੀ ਉਲੰਘਣਾ ਹੋ ਸਕਦੀ ਹੈ। ਕੇਜਰੀਵਾਲ ਦੀ ਸਾਫ਼-ਸੁਥਰੀ ਤਸਵੀਰ ਨੂੰ ਖਰਾਬ ਕਰਨ ਲਈ ਇਹ ਕੇਸ ਸਿਆਸਤ ਤੋਂ ਪ੍ਰੇਰਿਤ ਜਾਪਦਾ ਹੈ।

“ਹੁਣ ਮੈਨੂੰ ਰੋਕਣ ਦਾ ਇੱਕੋ ਤਰੀਕਾ ਹੈ—ਮੈਨੂੰ ਮਾਰ ਦਿਓ”
ਆਪਣੇ ਸੰਬੋਧਨ ਦੌਰਾਨ ਕੇਜਰੀਵਾਲ ਕਾਫ਼ੀ ਭਾਵੁਕ ਅਤੇ ਹਮਲਾਵਰ ਨਜ਼ਰ ਆਏ। ਉਨ੍ਹਾਂ ਕਿਹਾ, “ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਨੇ ‘ਆਪ’ ਨੂੰ ਖ਼ਤਮ ਕਰਨ ਲਈ ਇਹ ਸਾਜ਼ਿਸ਼ ਰਚੀ ਸੀ। ਅੱਜ ਉਨ੍ਹਾਂ ਨੂੰ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਮੈਂ ਪੈਸਾ ਨਹੀਂ, ਸਿਰਫ਼ ਇਮਾਨਦਾਰੀ ਕਮਾਈ ਹੈ। ਹੁਣ ਅਰਵਿੰਦ ਕੇਜਰੀਵਾਲ ਨੂੰ ਰੋਕਣ ਦਾ ਇੱਕੋ ਇੱਕ ਤਰੀਕਾ ਉਸ ਨੂੰ ਮਾਰਨਾ ਹੈ।”