ਵੱਡਾ ਰੇਲ ਹਾਦਸਾ: ਕੋਲਕਾਤਾ-ਸੈਰਾਂਗ ਐਕਸਪ੍ਰੈੱਸ ਦੇ 6 ਡੱਬੇ ਅਤੇ ਇੰਜਣ ਪਟੜੀ ਤੋਂ ਉਤਰੇ, ਕਈ ਯਾਤਰੀ ਜ਼ਖ਼ਮੀ - Punjab Nation TV

ਵੱਡਾ ਰੇਲ ਹਾਦਸਾ: ਕੋਲਕਾਤਾ-ਸੈਰਾਂਗ ਐਕਸਪ੍ਰੈੱਸ ਦੇ 6 ਡੱਬੇ ਅਤੇ ਇੰਜਣ ਪਟੜੀ ਤੋਂ ਉਤਰੇ, ਕਈ ਯਾਤਰੀ ਜ਼ਖ਼ਮੀ

ਅਸਾਮ: ਉੱਤਰ-ਪੂਰਬੀ ਭਾਰਤ ਦੇ ਅਸਾਮ ਸੂਬੇ ਵਿੱਚ ਬੁੱਧਵਾਰ ਸਵੇਰੇ ਇੱਕ ਵੱਡਾ ਰੇਲ ਹਾਦਸਾ ਵਾਪਰ ਗਿਆ। ਗੁਹਾਟੀ ਦੇ ਬਾਹਰੀ ਇਲਾਕੇ ਵਿੱਚ ਦਿਗਾਰੂ ਰੇਲਵੇ ਸਟੇਸ਼ਨ ਨੇੜੇ ਕੋਲਕਾਤਾ-ਸੈਰਾਂਗ ਐਕਸਪ੍ਰੈੱਸ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ। ਇਸ ਹਾਦਸੇ ਵਿੱਚ ਟਰੇਨ ਦਾ ਇੰਜਣ ਵੀ ਪਟੜੀ ਤੋਂ ਲਹਿ ਗਿਆ। ਮੁੱਢਲੀ ਜਾਣਕਾਰੀ ਮੁਤਾਬਕ ਕਈ ਯਾਤਰੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।

ਸਵੇਰੇ 6:54 ਵਜੇ ਵਾਪਰਿਆ ਹਾਦਸਾ

ਉੱਤਰ-ਪੂਰਬੀ ਸੀਮਾ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ (CPRO) ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਇਹ ਹਾਦਸਾ 11 ਨਵੰਬਰ ਦੀ ਸਵੇਰ ਕਰੀਬ 6:54 ਵਜੇ ਵਾਪਰਿਆ। ਟਰੇਨ ਨੰਬਰ 13125 ਕੋਲਕਾਤਾ-ਸੈਰਾਂਗ ਐਕਸਪ੍ਰੈੱਸ ਨੂੰ ਦਿਗਾਰੂ ਰੇਲਵੇ ਸਟੇਸ਼ਨ ‘ਤੇ ਦੂਜੀ ਟਰੇਨ ਨੂੰ ਲੰਘਣ ਲਈ ਰੋਕਿਆ ਜਾ ਰਿਹਾ ਸੀ।

ਇਸੇ ਦੌਰਾਨ ਟਰੇਨ ਦੇ ਲੋਕੋ ਪਾਇਲਟ ਵੱਲੋਂ ਰੇਲਗੱਡੀ ਦੀ ਰਫ਼ਤਾਰ ਨੂੰ ਕਾਬੂ ਨਾ ਕਰ ਸਕਣ ਕਾਰਨ ਇਹ ਪਟੜੀ ਤੋਂ ਉਤਰ ਗਈ। ਹਾਦਸੇ ਵਿੱਚ ਇੰਜਣ ਸਮੇਤ ਕਈ ਡੱਬਿਆਂ ਨੂੰ ਨੁਕਸਾਨ ਪਹੁੰਚਿਆ।

ਕਈ ਯਾਤਰੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ

ਸ਼ੁਰੂਆਤੀ ਰਿਪੋਰਟਾਂ ਮੁਤਾਬਕ ਹਾਦਸੇ ਵਿੱਚ ਕਈ ਯਾਤਰੀ ਜ਼ਖ਼ਮੀ ਹੋਏ ਹਨ। ਹਾਲਾਂਕਿ ਜ਼ਖ਼ਮੀਆਂ ਦੀ ਸਹੀ ਗਿਣਤੀ ਬਾਰੇ ਅਜੇ ਤੱਕ ਅਧਿਕਾਰਤ ਪੁਸ਼ਟੀ ਨਹੀਂ ਹੋਈ। ਰਾਹਤ ਦੀ ਗੱਲ ਇਹ ਹੈ ਕਿ ਮੁੱਢਲੀ ਜਾਣਕਾਰੀ ਅਨੁਸਾਰ ਕਿਸੇ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਨਹੀਂ ਆਈ।

ਰਾਹਤ ਅਤੇ ਬਚਾਅ ਕਾਰਜ ਜਾਰੀ

ਹਾਦਸੇ ਦੀ ਸੂਚਨਾ ਮਿਲਦਿਆਂ ਹੀ ਰੇਲਵੇ ਅਧਿਕਾਰੀਆਂ ਵੱਲੋਂ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ। ਪਟੜੀ ਤੋਂ ਉਤਰੇ ਡੱਬਿਆਂ ਨੂੰ ਹਟਾਉਣ ਅਤੇ ਰੇਲ ਆਵਾਜਾਈ ਬਹਾਲ ਕਰਨ ਲਈ ਮੌਕੇ ‘ਤੇ ਰਿਕਵਰੀ ਟਰੇਨ ਭੇਜੀ ਗਈ ਹੈ।

ਫਿਲਹਾਲ ਰੇਲਵੇ ਵੱਲੋਂ ਹਾਦਸੇ ਦੇ ਕਾਰਨਾਂ ਅਤੇ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਇਸ ਘਟਨਾ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ