ਪੰਜਾਬ ਸਰਕਾਰ ਨੇ ਮੰਗਲਵਾਰ ਦੇਰ ਰਾਤ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ 20 IAS ਅਧਿਕਾਰੀਆਂ ਦੀਆਂ ਤਬਾਦਲਾ ਅਤੇ ਨਵੀਆਂ ਨਿਯੁਕਤੀਆਂ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਪੰਜ PCS ਅਧਿਕਾਰੀਆਂ ਦੀ ਥਾਂ ਵੀ IAS ਅਧਿਕਾਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਇਸ ਫੇਰਬਦਲ ਤਹਿਤ ਸੂਬੇ ਦੇ ਪੰਜ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਵੀ ਬਦਲੇ ਗਏ ਹਨ।
ਨਵੇਂ ਹੁਕਮਾਂ ਅਨੁਸਾਰ ਕੋਮਲ ਮਿੱਤਲ ਨੂੰ ਰੂਪਨਗਰ, ਹਿਮਾਂਸ਼ੂ ਅਗਰਵਾਲ ਨੂੰ ਲੁਧਿਆਣਾ, ਅਭਿਜੀਤ ਕਪਲਿਸ਼ ਨੂੰ ਬਰਨਾਲਾ, ਆਦਿਤਿਆ ਡਚਾਲਵਾਲ ਨੂੰ ਐਸਏਐਸ ਨਗਰ ਅਤੇ ਹਿਮਾਂਸ਼ੂ ਜੈਨ ਨੂੰ ਪਟਿਆਲਾ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਅਭਿਜੀਤ ਕਪਲਿਸ਼ ਨੂੰ ਨਗਰ ਨਿਗਮ ਬਰਨਾਲਾ ਦੇ ਕਮਿਸ਼ਨਰ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ।
ਮਨੀਸ਼ਾ ਰਾਣਾ ਨੂੰ ਸੂਚਨਾ ਤਕਨਾਲੋਜੀ ਵਿਭਾਗ ਦੀ ਜ਼ਿੰਮੇਵਾਰੀ
ਹੋਰ ਨਿਯੁਕਤੀਆਂ ਤਹਿਤ ਰਾਹੁਲ ਗੁਪਤਾ ਨੂੰ ਵਿਸ਼ੇਸ਼ ਸਕੱਤਰ, ਪਰਿਵਹਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਅਤੇ ਪੰਜਾਬ ਊਰਜਾ ਵਿਕਾਸ ਏਜੰਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਦਾ ਵਾਧੂ ਚਾਰਜ ਵੀ ਸੌਂਪਿਆ ਗਿਆ ਹੈ।
ਅਨੁਪਮ ਕਲੇਰ ਨੂੰ ਵਿਸ਼ੇਸ਼ ਸਕੱਤਰ, ਰੱਖਿਆ ਸੇਵਾਵਾਂ ਭਲਾਈ, ਹਰਪ੍ਰੀਤ ਸਿੰਘ ਨੂੰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦਾ ਡਾਇਰੈਕਟਰ ਅਤੇ ਮਨੀਸ਼ਾ ਰਾਣਾ ਨੂੰ ਸੂਚਨਾ ਤਕਨਾਲੋਜੀ ਉਦਯੋਗ ਪ੍ਰੋਤਸਾਹਨ ਵਿਭਾਗ ਦੀ ਡਾਇਰੈਕਟਰ ਲਗਾਇਆ ਗਿਆ ਹੈ।
ਇਸੇ ਤਰ੍ਹਾਂ ਨਿਰਮਲ ਓਸੇਪਚਨ ਨੂੰ ਡਿਪਟੀ ਕਮਿਸ਼ਨਰ ਤਰਨਤਾਰਨ ਨਿਯੁਕਤ ਕੀਤਾ ਗਿਆ ਹੈ, ਜਦਕਿ ਨਿਕਾਸ ਕੁਮਾਰ ਨੂੰ ਵਧੀਕ ਸਕੱਤਰ, ਤਾਲਮੇਲ ਦੇ ਨਾਲ ਮੁੱਖ ਸਕੱਤਰ ਦੇ ਵਿਸ਼ੇਸ਼ ਕਾਰਜ ਅਧਿਕਾਰੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਪੱਲਵੀ ਮਿਸ਼ਰਾ ਨੂੰ ਅੰਮ੍ਰਿਤਸਰ ਦਾ ADC ਲਗਾਇਆ
ਪ੍ਰਸ਼ਾਸਨਿਕ ਫੇਰਬਦਲ ਦੌਰਾਨ ਕੰਚਨ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਕ੍ਰਿਸ਼ਨ ਪਾਲ ਰਾਜਪੂਤ ਨੂੰ ਫਿਰੋਜ਼ਪੁਰ ਵਿਖੇ ਵਧੀਕ ਡਿਪਟੀ ਕਮਿਸ਼ਨਰ (ਆਮ), ਡੇਵੀ ਗੋਇਲ ਨੂੰ ਵਧੀਕ ਸਕੱਤਰ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਤੇ ਸੁਨੀਲ ਨੂੰ ਪਟਿਆਲਾ ਵਿਖੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨਿਯੁਕਤ ਕੀਤਾ ਗਿਆ ਹੈ।
ਹੋਰ ਨਿਯੁਕਤੀਆਂ ਵਿੱਚ ਰਾਕੇਸ਼ ਕੁਮਾਰ ਮੀਨਾ ਨੂੰ ਪਠਾਨਕੋਟ, ਆਯੁਸ਼ ਗੋਇਲ ਨੂੰ ਮਾਨਸਾ ਅਤੇ ਪੱਲਵੀ ਮਿਸ਼ਰਾ ਨੂੰ ਅੰਮ੍ਰਿਤਸਰ ਵਿਖੇ ਵਧੀਕ ਡਿਪਟੀ ਕਮਿਸ਼ਨਰ (ਆਮ) ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਸ਼੍ਰੇਯਾਂਸੀ ਜੈਨ ਨੂੰ ਜਗਰਾਓਂ ਦਾ ਵਧੀਕ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।
ਪੰਜ PCS ਅਧਿਕਾਰੀਆਂ ਦੀ ਥਾਂ IAS ਅਧਿਕਾਰੀ ਤਾਇਨਾਤ
ਸਰਕਾਰ ਵੱਲੋਂ ਜਾਰੀ ਹੁਕਮਾਂ ਤਹਿਤ ਜਿਨ੍ਹਾਂ ਪੰਜ PCS ਅਧਿਕਾਰੀਆਂ ਦੀ ਥਾਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਅਮਨਦੀਪ ਕੌਰ, ਦਮਨਜੀਤ ਸਿੰਘ ਮਾਨ, ਅਰਸ਼ਦੀਪ ਸਿੰਘ ਲੁਬਾਣਾ, ਪੂਨਮ ਸਿੰਘ ਅਤੇ ਵਿਨੀਤ ਕੁਮਾਰ ਸ਼ਾਮਲ ਹਨ।
ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਵੱਲੋਂ ਜਾਰੀ ਆਦੇਸ਼ਾਂ ਵਿੱਚ ਸਾਰੇ ਸਬੰਧਤ ਅਧਿਕਾਰੀਆਂ ਨੂੰ ਬਿਨਾਂ ਕਿਸੇ ਜਾਇਨਿੰਗ ਸਮੇਂ ਦੇ ਤੁਰੰਤ ਆਪਣੀ ਨਵੀਂ ਤੈਨਾਤੀ ਵਾਲੀ ਥਾਂ ‘ਤੇ ਅਹੁਦਾ ਸੰਭਾਲਣ ਦੇ ਨਿਰਦੇਸ਼ ਦਿੱਤੇ ਗਏ ਹਨ।
