ਬਰਨਾਲਾ : ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਕਸਬਾ ਸ਼ਹਿਣਾ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਘਰੇਲੂ ਗੈਸ (LPG) ਸਿਲੰਡਰਾਂ ਦੀ ਭਾਰੀ ਕਿੱਲਤ ਦਰਮਿਆਨ, ਲਾਈਨ ਵਿੱਚ ਖੜ੍ਹੇ ਇੱਕ 66 ਸਾਲਾ ਬਜ਼ੁਰਗ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ
ਘਟਨਾ ਦਾ ਵੇਰਵਾ
ਮ੍ਰਿਤਕ ਦੀ ਪਛਾਣ ਭੂਸ਼ਣ ਕੁਮਾਰ ਮਿੱਤਲ (ਪੁੱਤਰ ਦੇਵਰਾਜ ਮਿੱਤਲ) ਵਜੋਂ ਹੋਈ ਹੈ, ਜੋ ਸਹਿਣਾ ਪਿੰਡ ਦੇ ਰਹਿਣ ਵਾਲੇ ਸਨ। ਸਥਾਨਕ ਲੋਕਾਂ ਅਨੁਸਾਰ, ਭੂਸ਼ਣ ਕੁਮਾਰ ਸਵੇਰੇ 5 ਵਜੇ ਤੋਂ ਹੀ ਗੈਸ ਏਜੰਸੀ ਦੇ ਬਾਹਰ ਲਾਈਨ ਵਿੱਚ ਲੱਗੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਲਾਈਨ ਵਿੱਚ ਉਨ੍ਹਾਂ ਦਾ ਨੰਬਰ 25ਵਾਂ ਸੀ। ਕਈ ਘੰਟਿਆਂ ਦੀ ਲੰਬੀ ਉਡੀਕ ਅਤੇ ਪ੍ਰੇਸ਼ਾਨੀ ਕਾਰਨ ਅਚਾਨਕ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਮੌਕੇ ‘ਤੇ ਹੀ ਉਨ੍ਹਾਂ ਦੀ ਜਾਨ ਚਲੀ ਗਈ
ਪਰਿਵਾਰ ਦੀ ਹਾਲਤ ਅਤੇ ਪ੍ਰਸ਼ਾਸਨ ‘ਤੇ ਸਵਾਲ
ਮ੍ਰਿਤਕ ਦੇ ਭਤੀਜੇ ਰੋਬਿਨ ਮਿੱਤਲ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਆਰਥਿਕ ਤੌਰ ‘ਤੇ ਕਮਜ਼ੋਰ ਹੈ ਅਤੇ ਮਿਹਨਤ-ਮਜ਼ਦੂਰੀ ਕਰਕੇ ਗੁਜ਼ਾਰਾ ਕਰਦਾ ਹੈ। ਉਨ੍ਹਾਂ ਕਿਹਾ:
“ਮੇਰੇ ਚਾਚਾ ਜੀ ਸਵੇਰੇ 5 ਵਜੇ ਤੋਂ ਸਿਲੰਡਰ ਲੈਣ ਲਈ ਖੜ੍ਹੇ ਸਨ। ਲੰਬੀ ਉਡੀਕ ਤੋਂ ਬਾਅਦ ਉਨ੍ਹਾਂ ਨੂੰ ਦੌਰਾ ਪੈ ਗਿਆ। ਦੁੱਖ ਦੀ ਗੱਲ ਇਹ ਹੈ ਕਿ ਇੰਨੀ ਵੱਡੀ ਘਟਨਾ ਹੋਣ ਦੇ ਬਾਵਜੂਦ ਪ੍ਰਸ਼ਾਸਨ ਜਾਂ ਸਰਕਾਰ ਦਾ ਕੋਈ ਵੀ ਨੁਮਾਇੰਦਾ ਸਾਡਾ ਹਾਲ ਤੱਕ ਜਾਣਨ ਨਹੀਂ ਆਇਆ
ਭੂਸ਼ਣ ਕੁਮਾਰ ਦੇ ਜਾਣ ਪਿੱਛੋਂ ਘਰ ਵਿੱਚ ਉਨ੍ਹਾਂ ਦੀ ਪਤਨੀ ਇਕੱਲੀ ਰਹਿ ਗਈ ਹੈ, ਜੋ ਖ਼ੁਦ ਵੀ ਬਿਮਾਰ ਰਹਿੰਦੀ ਹੈ। ਪਰਿਵਾਰ ਨੇ ਬਿਨਾਂ ਪੋਸਟਮਾਰਟਮ ਕੀਤੇ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ।
ਇਲਾਕਾ ਨਿਵਾਸੀਆਂ ਵਿੱਚ ਭਾਰੀ ਰੋਸ
ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਸਰਕਾਰ ਅਤੇ ਗੈਸ ਸਪਲਾਈ ਪ੍ਰਬੰਧਾਂ ਨੂੰ ਲੈ ਕੇ ਭਾਰੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਸਥਾਨਕ ਨਿਵਾਸੀ ਪ੍ਰਮੋਦ ਸਿੰਗਲਾ ਨੇ ਕਿਹਾ ਕਿ ਲਗਾਤਾਰ ਹੋ ਰਹੀ ਗੈਸ ਦੀ ਕਿੱਲਤ ਕਾਰਨ ਲੋਕ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹਨ। ਲੰਬੀਆਂ ਲਾਈਨਾਂ ਅਤੇ ਸਿਲੰਡਰ ਨਾ ਮਿਲਣ ਦੀ ਚਿੰਤਾ ਨੇ ਹੀ ਭੂਸ਼ਣ ਕੁਮਾਰ ਦੀ ਜਾਨ ਲਈ ਹੈ
