ਗਾਇਕ ਮਨਕੀਰਤ ਔਲਖ ਦੀਆਂ ਵਧ ਸਕਦੀਆਂ ਨੇ ਮੁਸ਼ਕਿਲਾਂ, ਨਵੇਂ ਗਾਣੇ ‘ਅਸਲਾ’ ਨੂੰ ਲੈ ਕੇ ਪੁਲਿਸ ਕੋਲ ਪਹੁੰਚੀ ਸ਼ਿਕਾਇਤ

ਨਵਾਂਸ਼ਹਿਰ : ਪੰਜਾਬੀ ਗਾਇਕ ਮਨਕੀਰਤ ਔਲਖ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ ‘ਅਸਲਾ’ ਨੂੰ ਲੈ ਕੇ RTI ACTIVIST ਪਰਵਿੰਦਰ ਸਿੰਘ ਕਿੱਤਣਾ ਨਵਾਂਸ਼ਹਿਰ ਦੇ ਉੱਚ ਅਧਿਕਾਰੀਆਂ ਨੂੰ ਇੱਕ ਲਿਖਤੀ ਸ਼ਿਕਾਇਤ ਭੇਜੀ ਗਈ ਹੈ, ਜਿਸ ਵਿੱਚ ਗੈਂਗਵਾਦ ਅਤੇ ਨਜਾਇਜ਼ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਦੇ ਇਲਜ਼ਾਮ ਲਗਾਉਂਦੇ ਹੋਏ ਐਫ.ਆਈ.ਆਰ. (FIR) ਦਰਜ ਕਰਨ ਦੀ ਮੰਗ ਕੀਤੀ ਗਈ ਹੈ।

ਇਹ ਸ਼ਿਕਾਇਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ, SSP ਅਤੇ SHO ਸਿਟੀ ਨਵਾਂਸ਼ਹਿਰ ਨੂੰ ਭੇਜੀ ਗਈ ਹੈ

ਸ਼ਿਕਾਇਤ ਦੇ ਮੁੱਖ ਨੁਕਤੇ: ‘ਨਜਾਇਜ਼ ਹਥਿਆਰਾਂ’ ਦਾ ਪ੍ਰਚਾਰ?
ਸ਼ਿਕਾਇਤਕਰਤਾ ਨੇ ਗਾਣੇ ਦੀਆਂ ਸਤਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਜਿੱਥੇ ਪੰਜਾਬ ਪੁਲਿਸ ਨਸ਼ਿਆਂ ਅਤੇ ਗੈਂਗਵਾਦ ਵਿਰੁੱਧ ‘ਆਪ੍ਰੇਸ਼ਨ ਪਰਹਾਰ’ ਚਲਾ ਰਹੀ ਹੈ, ਉੱਥੇ ਹੀ ਮਨਕੀਰਤ ਔਲਖ ਆਪਣੇ ਗੀਤ ਰਾਹੀਂ ਨੌਜਵਾਨਾਂ ਨੂੰ ਗਲਤ ਸੰਦੇਸ਼ ਦੇ ਰਹੇ ਹਨ।

ਗਾਣੇ ਦੇ ਵਿਵਾਦਤ ਬੋਲ:
ਸ਼ਿਕਾਇਤ ਵਿੱਚ ਗਾਣੇ ਦੀਆਂ ਇਨ੍ਹਾਂ ਸਤਰਾਂ ’ਤੇ ਇਤਰਾਜ਼ ਜਤਾਇਆ ਗਿਆ ਹੈ:

“ਲੈ ਕੇ ਵੈਪਨ ਲਾਇਸੈਂਸੀ ਨਹੀਂਓ ਵੈਰ ਪੁੱਗਦੇ, ਅਸਲਾ ਚਾਹੀਦਾ ਪੱਕਾ ਦੋ ਨੰਬਰੀ।”

ਸ਼ਿਕਾਇਤਕਰਤਾ ਅਨੁਸਾਰ, ਗਾਇਕ ਸ਼ਰੇਆਮ ਲਾਇਸੈਂਸੀ ਹਥਿਆਰਾਂ ਦੀ ਜਗ੍ਹਾ ਦੋ ਨੰਬਰੀ (ਨਜਾਇਜ਼) ਅਸਲਾ ਰੱਖਣ ਦੀ ਗੱਲ ਕਰ ਰਿਹਾ ਹੈ, ਜੋ ਕਿ ਕਾਨੂੰਨ ਦੀ ਸਿੱਧੀ ਉਲੰਘਣਾ ਹੈ

ਹਾਈਕੋਰਟ ਦੀਆਂ ਹਿਦਾਇਤਾਂ ਦੀ ਉਲੰਘਣਾ ਦਾ ਇਲਜ਼ਾਮ
ਦਰਖਾਸਤ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸਾਲ 2016 ਵਿੱਚ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦਾ ਵੀ ਹਵਾਲਾ ਦਿੱਤਾ ਗਿਆ ਹੈ। ਅਦਾਲਤ ਨੇ ਸਪੱਸ਼ਟ ਕੀਤਾ ਸੀ ਕਿ:

ਸ਼ਰਾਬ, ਨਸ਼ੇ ਅਤੇ ਹਿੰਸਾ ਨੂੰ ਉਭਾਰਨ ਵਾਲੇ ਗੀਤ ਨਹੀਂ ਚਲਾਏ ਜਾਣਗੇ।

ਜ਼ਿਲ੍ਹਾ ਮੈਜਿਸਟ੍ਰੇਟ ਅਤੇ SSP ਇਨ੍ਹਾਂ ਹਿਦਾਇਤਾਂ ਨੂੰ ਲਾਗੂ ਕਰਨ ਲਈ ਨਿੱਜੀ ਤੌਰ ‘ਤੇ ਜ਼ਿੰਮੇਵਾਰ ਹੋਣਗੇ।

ਕੀ ਹੋਵੇਗੀ ਅਗਲੇਰੀ ਕਾਰਵਾਈ?
ਸ਼ਿਕਾਇਤ ਵਿੱਚ ਮੰਗ ਕੀਤੀ ਗਈ ਹੈ ਕਿ ਮਨਕੀਰਤ ਔਲਖ, ਗੀਤਕਾਰ ਅਤੇ ਉਨ੍ਹਾਂ ਦੇ ਸਹਿਯੋਗੀਆਂ ਖਿਲਾਫ ਤੁਰੰਤ ਮਾਮਲਾ ਦਰਜ ਕੀਤਾ ਜਾਵੇ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਪ੍ਰਭਾਵਸ਼ਾਲੀ ਵਿਅਕਤੀ ਜਾਂ ਸਿਆਸੀ ਆਗੂ ਇਸ ਕਾਰਵਾਈ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਦਾ ਵੇਰਵਾ ਵੀ ਰਿਕਾਰਡ ‘ਤੇ ਲਿਆਂਦਾ ਜਾਵੇ।

ਇਹ ਮਾਮਲਾ ਹੁਣ ਪ੍ਰਸ਼ਾਸਨ ਦੇ ਵਿਚਾਰ ਅਧੀਨ ਹੈ। ਦੇਖਣਾ ਹੋਵੇਗਾ ਕਿ ਪੁਲਿਸ ਇਸ ਸ਼ਿਕਾਇਤ ‘ਤੇ ਕੀ ਕਾਰਵਾਈ ਕਰਦੀ ਹੈ। ਜੇਕਰ FIR ਦਰਜ ਹੁੰਦੀ ਹੈ, ਤਾਂ ਇਹ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਹਥਿਆਰਾਂ ਦੇ ਸੱਭਿਆਚਾਰ ਨੂੰ ਰੋਕਣ ਲਈ ਇੱਕ ਵੱਡਾ ਕਦਮ ਹੋ ਸਕਦਾ ਹੈ

ਸ਼ਿਕਾਇਤਕਰਤਾ ਪਰਵਿੰਦਰ ਸਿੰਘ ਕਿੱਤਣਾ

#punjabnews #mankirataulakhsong #aslasong #mankirataulakhaslasong #mankirataulakhnews #Punjabisong