ਨਵੀਂ ਦਿੱਲੀ: ਅਮਰੀਕਾ ਦੇ ਵਿਦੇਸ਼ ਮੰਤਰੀ ਤੇ ਟਰੰਪ ਦੇ ਕਰੀਬੀ ਮਾਰਕੋ ਰੂਬੀਓ 23 ਮਈ ਤੋਂ ਭਾਰਤ ਦੇ ਚਾਰ ਦਿਨਾਂ ਅਧਿਕਾਰਤ ਦੌਰੇ ‘ਤੇ ਆ ਰਹੇ ਹਨ। ਵਿਦੇਸ਼ ਮੰਤਰੀ ਵਜੋਂ ਇਹ ਉਨ੍ਹਾਂ ਦਾ ਪਹਿਲਾ ਭਾਰਤ ਦੌਰਾ ਹੋਵੇਗਾ। ਇਸ ਉੱਚ-ਪੱਧਰੀ ਦੌਰੇ ਦੌਰਾਨ ਉਹ ਭਾਰਤ ਨਾਲ ਵਪਾਰ, ਰੱਖਿਆ, ਸੁਰੱਖਿਆ ਅਤੇ ਊਰਜਾ (Energy) ਦੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਅਹਿਮ ਬੈਠਕਾਂ ਕਰਨਗੇ
ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਟੌਮੀ ਪਿਗੋਟ ਮੁਤਾਬਕ, ਮਾਰਕੋ ਰੂਬੀਓ 23 ਤੋਂ 26 ਮਈ ਤੱਕ ਭਾਰਤ ਵਿੱਚ ਰਹਿਣਗੇ। ਆਪਣੇ ਇਸ ਦੌਰੇ ਦੌਰਾਨ ਉਹ ਭਾਰਤ ਦੇ ਚਾਰ ਪ੍ਰਮੁੱਖ ਸ਼ਹਿਰਾਂ— ਕੋਲਕਾਤਾ, ਆਗਰਾ, ਜੈਪੁਰ ਅਤੇ ਨਵੀਂ ਦਿੱਲੀ ਦਾ ਦੌਰਾ ਕਰਨਗੇ
‘ਕੁਆਡ’ (Quad) ਮੰਤਰੀ ਪੱਧਰੀ ਬੈਠਕ ਦੀ ਕਰਨਗੇ ਅਗਵਾਈ
ਨਵੀਂ ਦਿੱਲੀ ਸਥਿਤ ਅਮਰੀਕੀ ਦੂਤਾਵਾਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਇਸ ਵਾਰ ਭਾਰਤ ‘ਕੁਆਡ’ (Quad) ਸਮੂਹ ਦੀ ਅਹਿਮ ਬੈਠਕ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਸਮੂਹ ਵਿੱਚ ਭਾਰਤ, ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ ਸ਼ਾਮਲ ਹਨ
ਅਮਰੀਕੀ ਦੂਤਾਵਾਸ ਨੇ ਕਿਹਾ ਕਿ ਉਹ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦਾ ਭਾਰਤ ਵਿੱਚ ਸੁਆਗਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਇਹ ਦੌਰਾ ਨਾ ਸਿਰਫ਼ ਕੁਆਡ ਬੈਠਕਾਂ ਅਤੇ ਉੱਚ-ਪੱਧਰੀ ਰਣਨੀਤਕ ਚਰਚਾਵਾਂ ਲਈ ਅਹਿਮ ਹੈ, ਬਲਕਿ ਇਹ ਅਮਰੀਕਾ ਦੀ ਆਜ਼ਾਦੀ ਦੇ 250 ਸਾਲ (250 years of America) ਦਾ ਜਸ਼ਨ ਮਨਾਉਣ ਦੇ ਲਿਹਾਜ਼ ਨਾਲ ਵੀ ਬਹੁਤ ਖਾਸ ਹੈ
ਨਾਟੋ (NATO) ਬੈਠਕ ਤੋਂ ਸਿੱਧਾ ਭਾਰਤ ਆਉਣਗੇ ਰੂਬੀਓ
ਭਾਰਤ ਆਉਣ ਤੋਂ ਪਹਿਲਾਂ, ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਸਵੀਡਨ ਦੇ ਦੌਰੇ ‘ਤੇ ਹੋਣਗੇ। ਉੱਥੇ ਉਹ 22 ਮਈ ਨੂੰ ਹੋਣ ਵਾਲੀ ‘ਨਾਟੋ (NATO) ਵਿਦੇਸ਼ ਮੰਤਰੀਆਂ ਦੀ ਬੈਠਕ’ ਵਿੱਚ ਹਿੱਸਾ ਲੈਣਗੇ ਅਤੇ ਉੱਥੋਂ ਹੀ ਸਿੱਧਾ ਭਾਰਤ ਲਈ ਰਵਾਨਾ ਹੋਣਗੇ।
ਭਾਰਤ ਦੇ ਸੀਨੀਅਰ ਅਧਿਕਾਰੀਆਂ ਅਤੇ ਨੇਤਾਵਾਂ ਨਾਲ ਹੋਣ ਵਾਲੀਆਂ ਇਨ੍ਹਾਂ ਬੈਠਕਾਂ ਰਾਹੀਂ ਹਿੰਦ-ਪ੍ਰਸ਼ਾਂਤ (Indo-Pacific) ਖੇਤਰ ਵਿੱਚ ਸੁਰੱਖਿਆ ਅਤੇ ਆਰਥਿਕ ਸਥਿਰਤਾ ਨੂੰ ਵਧਾਉਣ ਲਈ ਨਵੀਆਂ ਰਣਨੀਤੀਆਂ ਉੱਤੇ ਮੋਹਰ ਲੱਗਣ ਦੀ ਉਮੀਦ ਹੈ
